ਭੁੱਲਰ ਨੂੰ ਸੀਬੀਆਈ ਤੋਂ ਬਚਾਉਣ ਲਈ ਪੰਜਾਬ ਪੁਲਿਸ ਤੋਂ ਕਰਵਾਇਆ ਗ੍ਰਿਫ਼ਤਾਰ : ਚੀਮਾ
'ਆਪ' ਨੇ ਸੀਬੀਆਈ ਤੋਂ ਲਾਲਜੀਤ ਭੁੱਲਰ ਨੂੰ ਬਚਾਉਣ ਲਈ ਪੰਜਾਬ ਪੁਲਿਸ ਤੋਂ ਕਰਵਾਇਆ ਗ੍ਰਿਫ਼ਤਾਰ- ਚੀਮਾ
Publish Date: Tue, 24 Mar 2026 07:52 PM (IST)
Updated Date: Wed, 25 Mar 2026 04:11 AM (IST)

ਕਿਹਾ- ਆਪਣੇ-ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਸਿਰੇ ਦੀ ਭ੍ਰਿਸ਼ਟ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਵੇਅਰ ਹਾਊਸ ਦੇ ਡੀਐੱਮ ਡਾ. ਗਗਨਦੀਪ ਸਿੰਘ ਭੁੱਲਰ ਨੂੰ ਜਿਸਮਾਨੀ ਤੇ ਮਾਨਸਿਕ ਤੌਰ ’ਤੇ ਤਸ਼ੱਦਦ ਕਰਨ ਕਾਰਨ ਆਤਮ-ਹੱਤਿਆ ਵਰਗਾ ਖਤਰਨਾਕ ਕਦਮ ਚੁੱਕਣ ਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਡਾ. ਰੰਧਾਵਾ ਨੇ ਆਤਮ ਹੱਤਿਆ ਨਹੀਂ ਕੀਤੀ ਸਗੋਂ ਇਹ ਪੰਜਾਬ ਸਰਕਾਰ ਖਾਸ ਕਰ ਕੇ ਉਸ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਕੀਤਾ ਗਿਆ ਕਤਲ ਹੈ, ਕਿਉਂਕਿ ਉਸ ਨੂੰ ਆਪਣੀ ਕੋਠੀ ਵਿਖੇ ਬੁਲਾ ਕੇ ਜਿਸਮਾਨੀ ਤਸ਼ੱਦਦ ਕਰਨਾ ਤੇ ਪਿਸਤੌਲ ਦੀ ਨੋਕ ’ਤੇ ਗਲਤ ਬਿਆਨ ਦਿਵਾ ਕੇ ਰਿਕਾਰਡ ਕਰਨਾ ਤੇ ਉਸ ਦੀਆਂ ਅਸ਼ਲੀਲ ਵੀਡਿਓ ਬਣਾਉਣ ਦੇ ਨਾਲ-ਨਾਲ ਉਸ ਦੇ ਪਰਿਵਾਰ ਖਾਸ ਕਰ ਕੇ ਉਸ ਦੀਆਂ ਛੋਟੀਆਂ ਬੱਚੀਆਂ ਬਾਰੇ ਧਮਕੀਆਂ ਦੇਣ ਕਾਰਨ ਉਸ ਨੂੰ ਇਹ ਖਤਰਨਾਕ ਕਦਮ ਚੁੱਕਣਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਬੁਲਾਰੇ ਇਸ ਮੌਤ ਤੇ ਵੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆ ਰਹੇ ਅਤੇ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਨੂੰ ਆਪਣੀ ਕਾਮਯਾਬੀ ਦਰਸਾ ਰਹੇ ਹਨ, ਜਦਕਿ ਲਾਲਜੀਤ ਭੁੱਲਰ ਇਸ ਨੂੰ ਆਤਮ ਸਮਰਪਣ ਦਾ ਰਹੇ ਹਨ। ਚੀਮਾ ਨੇ ਅੱਗੇ ਕਿਹਾ ਕਿ ਜਦ ਆਪ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹ ਕੇਸ ਸੀਬੀਆਈ ਨੂੰ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਦਿੱਲੀ ਸਮੇਤ ਸਾਰੇ ਆਗੂਆਂ ਦੇ ਭੇਤ ਖੁੱਲ੍ਹ ਜਾਣਗੇ ਤਾਂ ਇਸ ਨੇ ਮੰਡੀ ਗੋਬਿੰਦਗੜ੍ਹ ਵਿਖੇ ਗ੍ਰਿਫਤਾਰੀ ਦਿਖਾ ਦਿੱਤੀ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਸ ਮੰਤਰੀ ਦੀ ਵੀ ਲਾਰੈਂਸ ਬਿਸ਼ਨੋਈ ਵਾਂਗ ਪੁਲਿਸ ਦੀ ਹਾਜ਼ਰੀ ’ਚ ਮੀਡੀਆ ਨਾਲ ਇੰਟਰਵਿਊ ਕਰਵਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਚੀਮਾ ਨੇ ਕਿਹਾ ਇਨ੍ਹਾਂ ਵਲੋ ਬਣਾਈ ਕੋਈ ਸੜਕ ਦੇਖ ਲਓ ਜਾਂ ਕੋਈ ਹੋਰ ਵਿਕਾਸ ਕਾਰਜ, ਸਿਰਫ ਕੁੱਝ ਦਿਨਾਂ ਜਾਂ ਮਹੀਨਿਆਂ ਦਾ ਹੀ ਮਹਿਮਾਨ ਹੁੰਦਾ ਹੈ। ਇਨ੍ਹਾਂ ਦੇ ਕੁੱਝ ਵਿਧਾਇਕ ਤਾਂ ਰੇਹੜੀਆਂ-ਫੜ੍ਹੀਆਂ, ਲਾਟਰੀ ਵਾਲਿਆਂ ਜਾ ਹੋਰ ਕੰਮ ਕਰਨ ਵਾਲਿਆਂ ਤੋਂ ਨਾਜਾਇਜ਼ ਉਗਰਾਹੀ ਕਰਦੇ ਸੁਣੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰੇਕ ਵਰਗ ਇਸ ਸਰਕਾਰ ਤੋਂ ਤੰਗ ਆ ਚੁੱਕਾ ਹੈ ਤੇ ਇਸ ਨੂੰ ਚਲਦਾ ਕਰਨ ਲਈ ਨੇੜ ਭਵਿੱਖ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਚੀਮਾ ਨੇ ਵਿਸ਼ਵਾਸ ਨਾਲ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨੀ ਯਕੀਨੀ ਹੈ, ਜੋ ਕਿ ਸੂਬੇ ਵਿਚ ਸਰਬਪੱਖੀ ਵਿਕਾਸ ਕਰਵਾਉਣ ਆਏ ਅਮਨ ਸ਼ਾਂਤੀ ਸਥਾਪਿਤ ਕਰਨ ਲਈ ਵਚਨਬੱਧ ਹੈ।