‘ਆਪ’ ਨੇ ਆਪਣੇ ਆਗੂਆਂ ਲਈ ਹਮੇਸ਼ਾ ਯੂਜ਼ ਐਂਡ ਥਰੋ ਦੀ ਨੀਤੀ ਅਪਣਾਈ : ਬਿੱਟੂ
ਆਪ ਨੇ ਆਪਣੇ ਨੇਤਾਵਾਂ ਲਈ ਹਮੇਸ਼ਾ ਯੂਜ਼ ਐਂਡ ਥਰੋ ਦੀ ਨੀਤੀ ਅਪਣਾਈ- ਰਵਨੀਤ ਬਿੱਟੂ
Publish Date: Fri, 03 Apr 2026 08:36 PM (IST)
Updated Date: Sat, 04 Apr 2026 04:14 AM (IST)

ਫੋਟੋ ਨੰਬਰ- 15 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ‘ਆਪ’ ਹਮੇਸ਼ਾ ਤੋਂ ਹੀ ਯੂਜ਼ ਐਂਡ ਥ੍ਰੋ ਦੀ ਨੀਤੀ ’ਤੇ ਚੱਲਦੀ ਆ ਰਹੀ ਹੈ ਅਤੇ ਆਪਣੇ ਹੀ ਆਗੂਆਂ ਨੂੰ ਸਮੇਂ-ਸਮੇਂ ’ਤੇ ਵਿਰੋਧੀਆਂ ਖ਼ਿਲਾਫ਼ ਵਰਤਣ ਤੋਂ ਬਾਅਦ ਕਿਨਾਰੇ ਲਗਾਉਂਦੀ ਰਹੀ ਹੈ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਸ ਦਿਨ ਉਹ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਉਡਨ ਖਟੋਲਾ ਦੇਣਾ ਬੰਦ ਕਰ ਦੇਣਗੇ, ਉਸੇ ਦਿਨ ਉਨ੍ਹਾਂ ਨੂੰ ਵੀ ਇਹ ਦਿਨ ਦੇਖਣੇ ਪੈਣਗੇ। ਬਿੱਟੂ ਨੇ ਕਿਹਾ ਕਿ ਆਪ ਵਿੱਚ ਲੋਕਤੰਤਰ ਨਹੀਂ, ਸਿੱਧੀ ਡਿਕਟੇਟਰਸ਼ਿਪ ਚੱਲ ਆਈ ਹੈ। ਇੱਕ ਹੋਰ ਟਿੱਪਣੀ ਕਰਦਿਆਂ ਬਿੱਟੂ ਨੇ ਕਿਹਾ ਕਿ ਜਦ ਤੱਕ ਰਾਾਘਵ ਚੱਢਾ ਵੱਲੋਂ ਕੇਜਰੀਵਾਲ ਦਾ ਰੀਚਾਰਜ ਫੰਡ ਚੱਲਦਾ ਰਿਹਾ, ਤਦ ਤੱਕ ਸਭ ਕੁਝ ਠੀਕ ਸੀ, ਪਰ ਹੁਣ ਤਾਂ ਕੇਜਰੀਵਾਲ ਦਾ ਸਿੱਧਾ ਬੈਂਕਾਂ ਵਿੱਚ ਖਾਤਾ ਖੁੱਲ੍ਹ ਚੁੱਕਿਆ ਹੈ ਜਿਸ ਕਾਰਨ ਹੁਣ ਹਾਲਤ ਹੋਰ ਬਣ ਚੁੱਕੇ ਹਨ। ਰਵਨੀਤ ਬਿੱਟੂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ‘ਆਪ’ ਲਈ ਉਸ ਵੇਲੇ ਸ਼ੀਸ਼ਾ ਦਿਖਾਉਣ ਵਾਲਾ ਹੋਵੇਗਾ ਜਦੋਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ। ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਲੈ ਕੇ ਮੰਤਰੀਆਂ ਅਤੇ ਸੰਤਰੀਆਂ ਤੱਕ ਕਈ ਆਗੂ ਸਾਥ ਛੱਡ ਜਾਣਗੇ। ਚੰਡੀਗੜ੍ਹ ਵਿਖੇ ਭਾਜਪਾ ਦਫਤਰ ’ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਬਿੱਟੂ ਨੇ ਕਿਹਾ ਕਿ ਇਹ ਘਟਨਾ ਕਾਨੂੰਨ-ਵਿਵਸਥਾ ਦੀ ਨਾਕਾਮੀ ਨੂੰ ਦਰਸਾਉਂਦੀ ਹੈ ਤੇ ਇਸ ਦੇ ਪਿੱਛੇ ਕੌਣ ਹਨ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।