ਰੰਜਿਸ਼ ਕਾਰਨ ਨੌਜਵਾਨ ਨੂੰ ਘੇਰ ਕੇ ਕੀਤਾ ਹਮਲਾ
ਰੰਜਿਸ਼ ਦੇ ਚਲਦੇ ਨੌਜਵਾਨ ਨੂੰ ਘੇਰ ਕੇ ਕੀਤਾ ਹਮਲਾ
Publish Date: Wed, 18 Feb 2026 09:05 PM (IST)
Updated Date: Thu, 19 Feb 2026 04:12 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਪਿੰਡ ਖਾਸੀ ਕਲਾਂ ਵਾਸੀ ਵਿਅਕਤੀ ਉੱਪਰ ਰੰਜਿਸ਼ ਕਾਰਨ 4 ਵਿਅਕਤੀਆਂ ਨੇ ਘੇਰ ਕੇ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਪੀੜਿਤ ਸਤਨਾਮ ਸਿੰਘ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਕਿਰਪਾਲ ਸਿੰਘ, ਉਮਰਪ੍ਰੀਤ ਸਿੰਘ, ਸੁਰਜੀਤ ਸਿੰਘ ਅਤੇ ਮਨਪ੍ਰੀਤ ਕੌਰ ਵਾਸੀ ਨੇੜੇ ਗੁਰਦੁਆਰਾ ਢੱਕੀ ਸਾਹਿਬ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸਤਨਾਮ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਸਵੇਰੇ ਕਰੀਬ ਪੌਣੇ 10 ਵਜੇ ਉਹ ਆਪਣੇ ਖੇਤਾਂ ’ਚ ਗੇੜਾ ਮਾਰਨ ਗਿਆ ਸੀ। ਖੇਤ ਵੱਲੋਂ ਘਰ ਵਾਪਸ ਆਉਂਦੇ ਹੋਏ ਉਸ ਦੇ ਮੋਬਾਇਲ ਉੱਪਰ ਫੋਨ ਆ ਗਿਆ ਅਤੇ ਉਹ ਫੋਨ ਸੁਣਦਾ ਸੁਣਦਾ ਪੰਜ ਪੀਰਾਂ ਦੀ ਦਰਗਾਹ ਢੱਕੀ ਸਾਹਿਬ ਕੋਲ ਪੈਦਲ ਹੀ ਜਾ ਰਿਹਾ ਸੀ ਇਸ ਦੌਰਾਨ ਰੰਜਿਸ਼ ਕਾਰਨ ਮੁਲਜ਼ਮਾਂ ਨੇ ਆਪਣੇ ਨਾਲ ਲਿਆਂਦੇ ਖੰਡੇ ਨਾਲ ਉਸ ਉੱਪਰ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕੀਤੀ। ਪੀੜਿਤ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਤੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਸਥਾਨਕ ਸੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।