- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਤਪਦਿਕ ਦੀ ਰੋਕਥਾਮ ਤੇ ਇਲਾਜ ਲਈ ਸਿਹਤ ਮਾਹਿਰਾਂ ਦੀ ਕਾਰਜਸ਼ਾਲਾ ਹੋਈ

15
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਬੱਚਿਆਂ ਵਿੱਚ ਤਪਦਿਕ (ਟੀਬੀ) ਦੀ ਸਮੇਂ ਸਿਰ ਪਛਾਣ, ਸਹੀ ਰੋਕਥਾਮ ਅਤੇ ਉਚਿਤ ਇਲਾਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਪੀਡੀਆਟ੍ਰਿਕ ਟੀਬੀ ਗਾਈਡਲਾਈਨਜ਼ : ਇਲਾਜ ਅਤੇ ਪ੍ਰਬੰਧਨ’ ਵਿਸ਼ੇ ’ਤੇ ਇੱਕ ਕਾਰਜਸ਼ਾਲਾ ਕਰਵਾਈ ਗਈ। ਇਸ ਕਾਰਜਸ਼ਾਲਾ ਦਾ ਪ੍ਰਬੰਧ ਵਰਲਡ ਹੈਲਥ ਪਾਰਟਨਰਜ਼ ਤੇ ਸਾਥੀਆਂ ਵੱਲੋਂ ਜ਼ਿਲ੍ਹਾ ਟੀਬੀ ਸੈੱਲ ਦੇ ਸਹਿਯੋਗ ਨਾਲ ਕੀਤਾ ਗਿਆ, ਜਦਕਿ ਪੀਪੀਐੱਸਏ ਪੰਜਾਬ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਮਹੱਤਵਪੂਰਨ ਸਹਿਯੋਗ ਦਿੱਤਾ। ਜ਼ਿਲ੍ਹੇ ਦੇ 60 ਤੋਂ ਵੱਧ ਬਾਲ ਰੋਗ ਮਾਹਿਰਾਂ, ਮੈਡੀਕਲ ਅਫ਼ਸਰਾਂ, ਕਮਿਊਨਿਟੀ ਹੈਲਥ ਅਫ਼ਸਰਾਂ, ਸਟਾਫ਼ ਨਰਸਾਂ ਤੇ ਹੋਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ।
ਇਸ ਮੌਕੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਾਰਜਸ਼ਾਲਾ ਦਾ ਉਦਘਾਟਨ ਤਪਦਿਕ ਦੇ ਖ਼ਾਤਮੇ ਦੇ ਟੀਚੇ ਨੂੰ ਹਾਸਲ ਕਰਨ ’ਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬੱਚਿਆਂ ਵਿੱਚ ਟੀਬੀ ਦੀ ਸਮੇਂ ਸਿਰ ਪਛਾਣ ਤੇ ਜਲਦ ਇਲਾਜ ਬਿਮਾਰੀ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਨੂੰ ਘਟਾਉਣ ਦੇ ਨਾਲ-ਨਾਲ ਤਪਦਿਕ ਦੇ ਫੈਲਾਅ ਨੂੰ ਰੋਕਣ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਡਾ. ਸਤੀਸ਼ ਪੁੰਡੀਰ, ਸਟੇਟ ਟੈਕਨੀਕਲ ਮੈਨੇਜਰ, ਵਰਲਡ ਹੈਲਥ ਪਾਰਟਨਰਜ਼ ਪੰਜਾਬ ਨੇ ਪੰਜਾਬ ’ਚ ਬਾਲ ਤਪਦਿਕ ਦੀ ਮੌਜੂਦਾ ਸਥਿਤੀ ਤੇ ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮ ਤਹਿਤ ਮੁੱਖ ਸੰਚਾਲਨ ਤਰਜੀਹਾਂ ਬਾਰੇ ਦੱਸਿਆ। ਡਾ. ਆਸ਼ੀਸ਼ ਚਾਵਲਾ, ਜ਼ਿਲ੍ਹਾ ਟੀਬੀ ਅਫ਼ਸਰ, ਲੁਧਿਆਣਾ ਨੇ ਜ਼ਿਲ੍ਹੇ ਵਿੱਚ ਟੀਬੀ ਦੀ ਸਥਿਤੀ ’ਤੇ ਚਾਨਣਾ ਪਾਉਂਦਿਆਂ ਇਸ ਬਿਮਾਰੀ ’ਤੇ ਕਾਬੂ ਪਾਉਣ ਲਈ ਪਰਿਵਾਰਕ ਮੈਂਬਰਾਂ ਸਮੇਤ ਸਮੁੱਚੇ ਸਮਾਜ ਨੂੰ ਸਹਿਯੋਗ ਦੇਣ ਲਈ ਕਿਹਾ।
ਇਸ ਮੌਕੇ ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਪੀਡੀਆਟ੍ਰਿਕਸ ਵਿਭਾਗ ਦੀ ਪ੍ਰੋਫੈਸਰ ਡਾ. ਰੂਬੀ ਸਿੰਘ ਨੇ ਬੱਚਿਆਂ ਵਿੱਚ ਐਕਸਟਰਾਪਲਮੋਨਰੀ ਟੀਬੀ (ਫੇਫੜਿਆਂ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ’ਚ ਹੋਣ ਵਾਲੀ ਟੀਬੀ) ਦੇ ਇਲਾਜ ਅਤੇ ਪ੍ਰਬੰਧਨ ’ਤੇ ਤਕਨੀਕੀ ਜਾਣਕਾਰੀ ਦਿੱਤੀ। ਬੱਚਿਆਂ ਦੀ ਵਿਆਪਕ ਡਾਕਟਰੀ ਜਾਂਚ ਤੇ ਲੋੜ ਅਨੁਸਾਰ ਢੁੱਕਵੀਆਂ ਜਾਂਚਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ। ਡਾ. ਜਸਕਰਨ ਸਿੰਘ ਭਸੀਨ ਨੇ ਬੱਚਿਆਂ ਵਿੱਚ ਟੀਬੀ ਦੇ ਵੱਖ-ਵੱਖ ਲੱਛਣਾਂ, ਡਾਕਟਰੀ ਤੇ ਮਾਈਕ੍ਰੋਬਾਇਓਲੋਜੀਕਲ ਜਾਂਚਾਂ ਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਪ੍ਰਭਜੀਤ ਸਮਰਾ, ਸੰਸਾਰ ਸਿਹਤ ਸੰਸਥਾ ਕੰਸਲਟੈਂਟ, ਪੰਜਾਬ ਨੇ ਟੀਬੀ ਪ੍ਰੀਵੈਂਟਿਵ ਥੈਰੇਪੀ ਦੇ ਮਹੱਤਵ, ਬੱਚਿਆਂ ਤੇ ਟੀਬੀ ਦੇ ਖ਼ਤਰਿਆਂ ਦੇ ਬਦਲਵੇਂ ਇਲਾਜ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਟੀਬੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ, ਖਾਸ ਕਰਕੇ ਬੱਚਿਆਂ ਤੇ ਹੋਰ ਸੰਵੇਦਨਸ਼ੀਲ ਮੈਂਬਰਾਂ ਦੀ ਜਾਂਚ ਕਰਨ ਤੇ ਯੋਗ ਹੋਣ ’ਤੇ ਟੀਬੀ ਪ੍ਰੀਵੈਂਟਿਵ ਥੈਰੇਪੀ ਮੁਹੱਈਆ ਕਰਵਾਉਣ ਦੀ ਲੋੜ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਕਾਰਜਸ਼ਾਲਾ ਦੌਰਾਨ ਮਾਹਿਰਾਂ ਨੇ ਕਿਹਾ ਕਿ ਬੱਚਿਆਂ ’ਚ ਟੀਬੀ ਦੇ ਪ੍ਰਭਾਵਸ਼ਾਲੀ ਕੰਟਰੋਲ ਲਈ ਸਮੇਂ ਸਿਰ ਪਛਾਣ, ਸਹੀ ਨਿਦਾਨ, ਉਚਿਤ ਇਲਾਜ, ਟੀਬੀ ਪ੍ਰੀਵੈਂਟਿਵ ਥੈਰੇਪੀ ਅਤੇ ਸਰਕਾਰੀ ਤੇ ਨਿੱਜੀ ਸਿਹਤ ਖੇਤਰ ਵਿਚਾਲੇ ਬਿਹਤਰ ਤਾਲਮੇਲ ਬੇਹੱਦ ਮਹੱਤਵਪੂਰਨ ਹਨ।