ਸੈਰ ਕਰਨ ਨਿਕਲੀ ਔਰਤ ਨਾਲ ਚਿੱਟੇ ਦਿਨ ਵਾਰਦਾਤ, ਝਪਟਮਾਰ ਡੇਢ ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ, ਇਲਾਕੇ ’ਚ ਦਹਿਸ਼ਤ
ਲੁਧਿਆਣਾ ’ਚ ਝਪਟਮਾਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਹੁਣ ਸਵੇਰ ਦੀ ਸੈਰ ਲਈ ਘਰੋਂ ਨਿਕਲਣ ਵਾਲੇ ਲੋਕ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਤਾਜ਼ਾ ਮਾਮਲੇ ’ਚ ਇੱਕ ਅਣਪਛਾਤੇ ਨੌਜਵਾਨ ਨੇ ਪੈਦਲ ਜਾ ਰਹੀ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਲਈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Sun, 19 Jul 2026 11:27 AM (IST)
Updated Date: Sun, 19 Jul 2026 11:31 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ’ਚ ਝਪਟਮਾਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਹੁਣ ਸਵੇਰ ਦੀ ਸੈਰ ਲਈ ਘਰੋਂ ਨਿਕਲਣ ਵਾਲੇ ਲੋਕ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਤਾਜ਼ਾ ਮਾਮਲੇ ’ਚ ਇੱਕ ਅਣਪਛਾਤੇ ਨੌਜਵਾਨ ਨੇ ਪੈਦਲ ਜਾ ਰਹੀ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਲਈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਜੋਧੇਵਾਲ ਬਸਤੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਕਾਕੋਵਾਲ ਰੋਡ ਨਿਊ ਹੀਰਾ ਨਗਰ ਦੀ ਰਹਿਣ ਵਾਲੀ ਨੇ ਦੱਸਿਆ ਕਿ ਬੀਤੇ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਪਿੰਡ ਕਾਕੋਵਾਲ ਤੋਂ ਪਿੰਡ ਨੂਰਵਾਲਾ ਵੱਲ ਪੈਦਲ ਜਾ ਰਹੀ ਸੀ।
ਸਵੇਰੇ 6:15 ਵਜੇ ਦੇ ਕਰੀਬ ਜਦੋਂ ਉਹ ਨਿਊ ਵਿਸ਼ਾਲ ਕਲੋਨੀ ਦੇ ਨੇੜੇ ਪਹੁੰਚੀ ਤਾਂ ਇੱਕ ਅਣਪਛਾਤਾ ਨੌਜਵਾਨ ਪਿੱਛੇ ਤੋਂ ਆਇਆ ਅਤੇ ਅੱਖ ਝਪਕਦਿਆਂ ਉਸ ਦੇ ਗਲੇ ’ਚ ਪਾਈ ਕਰੀਬ ਡੇਢ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਮੌਕੇ ਤੋਂ ਫਰਾਰ ਹੋ ਗਿਆ। ਅਚਾਨਕ ਹੋਈ ਇਸ ਵਾਰਦਾਤ ਕਾਰਨ ਪੀੜਤਾ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੋਧੇਵਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਅਣਪਛਾਤੇ ਝਪਟਮਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 304(2) ਅਤੇ 3(5) ਤਹਿਤ ਕੇਸ ਦਰਜ ਕਰ ਲਿਆ ਹੈ।
ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।