ਸੜਕਾਂ ਕਿਨਾਰੇ ਨਾਜਾਇਜ਼ ਕਬਜ਼ਿਆਂ ਦਾ ਵਿਛਿਆ ਜਾਲ, ਟ੍ਰੈਫਿਕ ਵਿਵਸਥਾ ਕੀਤੀ ਬੇਹਾਲ ਸ਼ਹਿਰ ’ਚ ਸੜਕਾਂ ਕਿਨਾਰੇ ਨਾਜਾਇਜ਼ ਕਬਜ਼ਿਆਂ ਦਾ ਵਿਛਿਆ ਜਾਲ, ਟ੍ਰੈਫਿਕ ਵਿਵਸਥਾ ਕੀਤੀ ਬੇਹਾਲ
Publish Date: Tue, 18 Aug 2026 07:54 PM (IST)
Updated Date: Wed, 19 Aug 2026 04:03 AM (IST)
ਸਰਵਿਸ ਲੇਨ ਤੋਂ ਜੀਟੀ ਰੋਡ ਤੱਕ ਰੇਹੜੀਆਂ, ਫੜੀਆਂ ਤੇ ਨਾਜਾਇਜ਼ ਪਾਰਕਿੰਗ ਦਾ ਕਬਜ਼ਾ ਚੋਂਕਾਂ ’ਚ ਲੱਗੀਆਂ ਟ੍ਰੈਫ਼ਿਕ ਲਾਈਟਾਂ ਬੰਦ, ਸ਼ਹਿਰ ’ਚ ਪਾਰਕਿੰਗ ਦੀ ਵੱਡੀ ਘਾਟ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਮਸ਼ਹੂਰ ਖੰਨਾ ਸ਼ਹਿਰ ’ਚ ਸੜਕਾਂ ਕਿਨਾਰੇ ਨਾਜਾਇਜ਼ ਕਬਜ਼ਿਆਂ ਦਾ ਜਾਲ ਵਿਛਿਆ ਪਿਆ ਹੈ, ਜਿਨ੍ਹਾਂ ਕਰ ਕੇ ਸ਼ਹਿਰ ਟ੍ਰੈਫਿਕ ਵਿਵਸਥਾ ਬੇਹਾਲ ਹੋਈ ਪਈ ਹੈ। ਅਕਸਰ ਸ਼ਹਿਰ ਜਾਮ ’ਚ ਫਸਿਆ ਰਹਿੰਦਾ ਹੈ। ਸ਼ਹਿਰ ਦੇ ਮੁੱਖ ਚੋਂਕਾਂ ’ਚ ਟ੍ਰੈਫ਼ਿਕ ਲਾਈਟਾਂ ਵੀ ਕਾਫੀ ਲੰਮੇਂ ਸਮੇਂ ਤੋਂ ਬੰਦ ਪਈਆਂ ਹਨ। ਸ਼ਹਿਰ ’ਚ ਪਾਰਕਿੰਗ ਦੀ ਵੱਡੀ ਸਮੱਸਿਆ ਹੁਣ ਤੱਕ ਕੋਈ ਹੱਲ ਨਹੀਂ ਹੋਇਆ, ਜਿਸ ਕਰ ਕੇ ਸ਼ਹਿਰ ’ਚ ਟ੍ਰੈਫ਼ਿਕ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਲੁਧਿਆਣੇ ਵੱਲੋਂ ਆਉਂਦੇ ਸਮੇਂ ਭੱਟੀਆਂ ਤੋਂ ਮਾਰਕਫੈਡ ਤੱਕ ਸਰਵਿਸ ਲੇਨ ਸਮੇਤ ਜੀਟੀ ਰੋਡ, ਅਮਲੋਹ ਰੋਡ, ਮਲੇਰਕੋਟਲਾ ਰੋਡ ਤੇ ਸਮਰਾਲਾ ਰੋਡ ਦੇ ਕਈ ਹਿੱਸਿਆਂ ’ਚ ਰੇਹੜੀਆਂ-ਫੜੀਆਂ, ਨਾਜਾਇਜ਼ ਕਬਜ਼ਿਆਂ ਤੇ ਗਲਤ ਪਾਰਕਿੰਗ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਨੋ-ਐਂਟਰੀ ਆਦਿ ਰਾਹੀਂ ਟਰੈਫਿਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਬਰਕਰਾਰ ਹੈ। ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕਾਂ ਤੇ ਸਰਵਿਸ ਲੇਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਤਾਂ ਖੰਨਾ ਦੀ ਟ੍ਰੈਫ਼ਿਕ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਕਬਜ਼ਾ ਕਰਨ ਵਾਲਾ ਕੋਈ ਵੀ ਹੋਵੇ, ਪ੍ਰਸ਼ਾਸਨ ਵੱਲੋਂ ਬਿਨਾਂ ਪੱਖਪਾਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕੁਝ ਦਿਨ ਪਹਿਲਾਂ ਪਿੰਡ ਰਤਨਹੇੜੀ ਦੇ ਸਰਪੰਚ ਦੀ ਮੌਤ ਦੇ ਮਾਮਲੇ ’ਚ ਸੜਕ ’ਤੇ ਪਏ ਟੋਇਆਂ ਨੂੰ ਕਾਰਨ ਦੱਸਦਿਆਂ ਖੰਨਾ ਪ੍ਰਸ਼ਾਸਨ ਵੱਲੋਂ ਐੱਨਐੱਚਏਆਈ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼ਹਿਰ ’ਚ ਕਰੀਬ 48 ਲੱਖ ਰੁਪਏ ਦੀ ਲਾਗਤ ਨਾਲ ਲਾਈਆਂ ਗਈਆਂ ਟਰੈਫਿਕ ਲਾਈਟਾਂ ਵੀ ਲੰਬੇ ਸਮੇਂ ਤੋਂ ਖਰਾਬ ਪਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਲਾਈਟਾਂ ਦੀ ਮੁਰੰਮਤ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਵਿਭਾਗ ਦੀ ਹੈ, ਇਸ ਬਾਰੇ ਵੀ ਸਪੱਸ਼ਟਤਾ ਨਹੀਂ ਬਣ ਸਕੀ। ਟ੍ਰੈਫ਼ਿਕ ਲਾਈਟਾਂ ਚਾਲੂ ਹੋਣ ਨਾਲ ਸਕੂਲੀ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਸੜਕ ਪਾਰ ਕਰਨ ’ਚ ਕਾਫੀ ਸਹੂਲਤ ਮਿਲਦੀ ਸੀ ਪਰ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਨੂੰ ਚੌਕਾਂ ’ਚ ਜ਼ੋਖਮ ਲੈ ਕੇ ਸੜਕ ਪਾਰ ਕਰਨੀ ਪੈਂਦੀ ਹੈ। ਬਾਕਸ ਜੀਟੀ ਰੋਡ ’ਤੇ ਇਮਾਰਤਾਂ ਦੀ ਪਾਰਕਿੰਗ ਗਾਇ਼ਬ ਜੀਟੀ ਰੋਡ ’ਤੇ ਬਣ ਰਹੀਆਂ ਇਮਾਰਤਾਂ ਦੇ ਨਕਸ਼ੇ ਪਾਰਕਿੰਗ ਦੀ ਵਿਵਸਥਾ ਨਾਲ ਹੀ ਪਾਸ ਕੀਤੇ ਜਾਂਦੇ ਹਨ ਪਰ ਲੋਕਾਂ ਦਾ ਸਵਾਲ ਹੈ ਕਿ ਇਨ੍ਹਾਂ ਇਮਾਰਤਾਂ ਦੀ ਪਾਰਕਿੰਗ ਦੀ ਜਗ੍ਹਾ ਕਿੱਥੇ ਹੈ? ਕਈ ਥਾਵਾਂ ’ਤੇ ਪਾਰਕਿੰਗ ਦੀ ਘਾਟ ਕਾਰਨ ਵਾਹਨ ਸਰਵਿਸ ਲੇਨ ਜਾਂ ਜੀਟੀ ਰੋਡ ’ਤੇ ਹੀ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਨਾਲ ਟ੍ਰੈਫਿਕ ਦਾ ਦਬਾਅ ਹੋਰ ਵੱਧ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਕਸ਼ਿਆਂ ’ਚ ਦਰਜ ਪਾਰਕਿੰਗ ਦੀ ਅਸਲ ਸਥਿਤੀ ਦੀ ਜਾਂਚ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾ ਕੇ ਸੜਕਾਂ ਤੇ ਸਰਵਿਸ ਲੇਨਾਂ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇ ਤੇ ਖਰਾਬ ਟਰੈਫਿਕ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਖੰਨਾ ਵਾਸੀਆਂ ਨੂੰ ਸੁਰੱਖਿਅਤ ਅਤੇ ਸੁਚੱਜੀ ਆਵਾਜਾਈ ਦੀ ਸਹੂਲਤ ਮਿਲ ਸਕੇ। ਬਾਕਸ ਇੱਕ ਸਾਲ ਤੋਂ ਕਮੇਟੀ ਨੂੰ ਭੇਜਦੇ ਰਹੇ ਪੱਤਰ, ਨਹੀਂ ਅਸਰ : ਡੀਐੱਸਪੀ ਡੀਐੱਸਪੀ ਟਰੈਫਿਕ ਕਰਨਵੀਰ ਤੂਰ ਨੇ ਦੱਸਿਆ ਕਿ ਟ੍ਰੈਫਿਕ ਲਾਈਟਾਂ ਨੂੰ ਠੀਕ ਕਰਵਾਉਣ ਦੀ ਮੁੱਢਲੀ ਜ਼ਿੰਮੇਵਾਰੀ ਨਗਰ ਕੌਂਸਲ ਖੰਨਾ ਦੀ ਹੈ। ਉਨ੍ਹਾਂ ਕਿਹਾ ਕਿ ਕਰੀਬ ਇੱਕ ਸਾਲ ਤੋਂ ਨਗਰ ਕੌਂਸਲ ਨੂੰ ਲਗਾਤਾਰ ਪੱਤਰ ਭੇਜੇ ਜਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਵੀ ਲਾਈਟਾਂ ਠੀਕ ਕਰਵਾਉਣ ਲਈ ਕਿਹਾ ਗਿਆ ਹੈ, ਪਰ ਅਜੇ ਤੱਕ ਕੋਈ ਵੱਡਾ ਫਰਕ ਨਜ਼ਰ ਨਹੀਂ ਆਇਆ। ਬਾਕਸ ਖਰਾਬ ਟ੍ਰੈਫਿਕ ਲਾਈਟਾਂ ਜਲਦ ਹੋਣਗੀਆਂ ਠੀਕ : ਈਓ ਖੰਨਾ ਨਗਰ ਕੌਂਸਲ ਦੀਆਂ ਖਰਾਬ ਪਈਆਂ ਟ੍ਰੈਫ਼ਿਕ ਲਾਈਟਾਂ ਸਬੰਧੀ ਕਾਰਜਸਾਧਕ ਅਫਸਰ ਚਰਨਜੀਤ ਸਿੰਘ ਉੱਭੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਲਾਈਟਾਂ ਨੂੰ ਜਲਦ ਹੀ ਠੀਕ ਕਰਵਾਇਆ ਜਾਵੇਗਾ, ਜਿਸ ’ਤੇ ਕਰੀਬ 5 ਲੱਖ ਰੁਪਏ ਦਾ ਖਰਚਾ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਟ੍ਰੈਫਿਕ ਲਾਈਟਾਂ ਦੀ ਤਾਰ ਚੋਰੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਨਾਜਾਇਜ਼ ਕਬਜ਼ਿਆਂ ਸਬੰਧੀ ਈਓ ਚਰਨਜੀਤ ਸਿੰਘ ਉੱਭੀ ਨੇ ਕਿਹਾ ਕਿ ਬਿਨਾਂ ਕਿਸੇ ਪੱਖਪਾਤ ਤੋਂ ਪਹਿਲਾਂ ਜਿਸ ਤਰ੍ਹਾਂ ਵੱਡੀ ਪੱਧਰ ’ਤੇ ਡਰਾਈਵ ਚਲਾ ਕੇ ਨਾਜਾਇਜ਼ ਕਬਜ਼ੇ ਹਟਾਏ ਗਏ ਸਨ, ਉਸੇ ਤਰ੍ਹਾਂ ਹੁਣ ਵੀ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵੱਡੀ ਪੱਧਰ ’ਤੇ ਮੁਹਿੰਮ ਚਲਾਈ ਜਾਵੇਗੀ।