ਸਾਲੀ ਨੂੰ ਬੱਸ ਚੜ੍ਹਾਉਣ ਆਏ ਵਿਅਕਤੀ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਇਲਾਜ ਦੌਰਾਨ ਔਰਤ ਨੇ ਤੋੜਿਆ ਦਮ
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚੰਦਰ ਲੋਕ ਕਲੋਨੀ ਦੇ ਵਾਸੀ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਾਲੀ ਰਣਜੀਤ ਕੌਰ ਪਤਨੀ ਜਸਵਿੰਦਰ ਸਿੰਘ ਨੂੰ ਬੱਸ ਅੱਡੇ ਤੋਂ ਬੱਸ ਚੜ੍ਹਾਉਣ ਲਈ ਆਇਆ ਸੀ।
Publish Date: Sat, 22 Aug 2026 11:55 AM (IST)
Updated Date: Sat, 22 Aug 2026 11:57 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਬੱਸ ਅੱਡੇ ਦੇ ਬਾਹਰ ਇੱਕ ਦਰਦਨਾਕ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਈ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਸਬੰਧੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚੰਦਰ ਲੋਕ ਕਲੋਨੀ ਦੇ ਵਾਸੀ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਾਲੀ ਰਣਜੀਤ ਕੌਰ ਪਤਨੀ ਜਸਵਿੰਦਰ ਸਿੰਘ ਨੂੰ ਬੱਸ ਅੱਡੇ ਤੋਂ ਬੱਸ ਚੜ੍ਹਾਉਣ ਲਈ ਆਇਆ ਸੀ।
ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਬੱਸ ਅੱਡੇ ਦੇ ਬਾਹਰ ਮੌਜੂਦ ਸੀ ਤਾਂ ਉਸ ਨੇ ਦੇਖਿਆ ਕਿ ਨਵਾਂ ਸ਼ਹਿਰ ਦਾ ਰਹਿਣ ਵਾਲਾ ਕੁਲਦੀਪ ਸਿੰਘ ਆਪਣਾ ਕੈਂਟਰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸ ਦੌਰਾਨ ਕੈਂਟਰ ਨੇ ਉਸ ਦੀ ਸਾਲੀ ਰਣਜੀਤ ਕੌਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।
ਹਾਦਸੇ ਤੋਂ ਬਾਅਦ ਰਣਜੀਤ ਕੌਰ ਨੂੰ ਤੁਰੰਤ ਇਲਾਜ ਲਈ ਡੀ.ਐੱਮ.ਸੀ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖ਼ਮਾਂ ਦੀ ਗੰਭੀਰਤਾ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕੈਂਟਰ ਚਾਲਕ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਾਦਸੇ ਵਾਲੇ ਕੈਂਟਰ ਨੂੰ ਵੀ ਕਬਜ਼ੇ ’ਚ ਲੈ ਲਿਆ ਗਿਆ। ਪੁਲਿਸ ਨੇ ਸ਼ਿਕਾਇਤਕਰਤਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਦੇ ਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।