- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਦਰ ’ਚ ਵੜੇ ਚੋਰ ਨੇ ਭਗਵਾਨ ਦੇ ਗਹਿਣੇ ਤੇ ਪੰਡਿਤ ਦਾ ਸਕੂਟਰ ਕੀਤਾ ਚੋਰੀ

-ਮੂੰਹ ’ਤੇ ਕੱਪੜਾ ਬੰਨ੍ਹ ਕੇ ਆਇਆ ਮੁਲਜ਼ਮ, ਵਾਰਦਾਤ ਸੀਸੀਟੀਵੀ ’ਚ ਕੈਦ
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ
ਚੋਰਾਂ ਦੇ ਹੌਂਸਲੇ ਇੰਨੇ ਵਧ ਗਏ ਹਨ ਕਿ ਹੁਣ ਉਹ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਤਾਜਪੁਰ ਰੋਡ ਦੇ ਕਿਸੋ਼ੋਰਨਗਰ ਵਿਚ ਪੈਂਦੇ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਦਿਨ-ਦਿਹਾੜੇ ਦਾਖਲ ਹੋਏ ਇੱਕ ਚੋਰ ਨੇ ਪਹਿਲਾਂ ਮੰਦਰ ਦੇ ਅੰਦਰ ਘੁੰਮ ਕੇ ਜਾਇਜ਼ਾ ਲਿਆ ਅਤੇ ਫਿਰ ਮੌਕਾ ਮਿਲਦੇ ਹੀ ਚਾਂਦੀ ਦੇ ਗਹਿਣੇ ਅਤੇ ਦਾਨਪਾਤਰ ਦੀ ਨਕਦੀ ਚੋਰੀ ਕਰ ਲਈ। ਜਾਂਦੇ ਸਮੇਂ ਮੁਲਜ਼ਮ ਮੰਦਰ ’ਚ ਖੜ੍ਹੀ ਪੰਡਿਤ ਦਾ ਸਕੂਟਰ ਵੀ ਲੈ ਗਿਆ। ਚੋਰੀ ਦੀ ਪੂਰੀ ਵਾਰਦਾਤ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਟੋਪੀ ਪਹਿਨਿਆ ਤੇ ਮੂੰਹ ’ਤੇ ਕੱਪੜਾ ਬੰਨ੍ਹਿਆ ਇੱਕ ਵਿਅਕਤੀ ਮੰਦਰ ਵਿੱਚ ਦਾਖਲ ਹੁੰਦਾ ਹੈ। ਉਹ ਬੇਖੌਫ ਹੋ ਕੇ ਮੰਦਰ ਦੇ ਅੰਦਰ ਇੱਧਰ-ਉੱਧਰ ਘੁੰਮਦਾ ਹੈ ਅਤੇ ਆਲੇ-ਦੁਆਲੇ ਦਾ ਜਾਇਜ਼ਾ ਲੈਂਦਾ ਹੈ। ਇਸ ਤੋਂ ਬਾਅਦ ਉਹ ਮੰਦਰ ਵਿੱਚ ਪਈਆਂ ਕੀਮਤੀ ਵਸਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਚੋਰੀ ਕਰਨ ਤੋਂ ਬਾਅਦ ਮੁਲਜ਼ਮ ਮੰਦਰ ਦਾ ਗੇਟ ਖੋਲ੍ਹ ਕੇ ਅੰਦਰ ਖੜ੍ਹੀ ਐਕਟਿਵਾ ਵੀ ਬਾਹਰ ਕੱਢ ਲੈਂਦਾ ਹੈ ਅਤੇ ਫਰਾਰ ਹੋ ਜਾਂਦਾ ਹੈ। ਮੰਦਰ ਦੇ ਪੰਡਿਤ ਜੈ ਭਗਵਾਨ ਸ਼ਰਮਾ ਨੇ ਦੱਸਿਆ ਕਿ ਚੋਰ ਭਗਵਾਨ ਦੀ ਚਾਂਦੀ ਦੀ ਬੰਸਰੀ, ਚਾਂਦੀ ਦੇ ਨਾਗ ਦੇਵਤਾ ਅਤੇ ਦਾਨਪਾਤਰ ਵਿੱਚ ਪਈ ਕਰੀਬ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦਾ ਸਕੂਟਰ ਵੀ ਚੋਰੀ ਹੋ ਗਿਆ, ਜੋ ਉਨ੍ਹਾਂ ਨੇ ਪਿਛਲੇ ਸਾਲ ਹੀ ਖਰੀਦੀ ਸੀ। ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ। ਲੋਕਾਂ ਅਨੁਸਾਰ ਚੋਰਾਂ ਦੇ ਹੌਂਸਲੇ ਇੰਨੇ ਵਧ ਗਏ ਹਨ ਕਿ ਹੁਣ ਮੰਦਰ ਵੀ ਸੁਰੱਖਿਅਤ ਨਹੀਂ ਰਹੇ। ਲੋਕਾਂ ਨੇ ਪੁਲਿਸ ਤੋਂ ਮੁਲਜ਼ਮ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਘਟਨਾ ਸਬੰਧੀ ਥਾਣਾ-7 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।