ਗੁਰੂਸਰ ਕਾਉਂਕੇ ਵਿਖੇ ਹੋਈ ਵਿਸ਼ੇਸ਼ ਅਰਦਾਸ, ਸ਼ਹੀਦ ਭਾਈ ਪਰਮਿੰਦਰ ਸਿੰਘ ਦੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਨਸ਼ਾ ਵਿਰੋਧੀ ਮੋਰਚੇ ਦੀ ਕਾਮਯਾਬੀ ਲਈ ਮੰਗੀ ਖ਼ੈਰ ਕਾਉਂਕੇ ਕਲਾਂ ਪਿਛਲੇ ਦਿਨੀਂ ਗੁਰਮੁਖ ਪੀਰਾਂ ਦੀ ਧਰਤੀ ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਿਲਾਫ਼ ਜੰਗ ਲੜਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਾਈ ਪਰਮਿੰਦਰ ਸਿੰਘ ਦੀ ਸ਼ਹਾਦਤ ਨੂੰ ਸਨਮਾਨ ਭੇਟ ਕਰਦਿਆਂ, ਉਨ੍ਹਾਂ ਦੇ ਪਰਿਵਾਰ ਦੀ ਦ੍ਰਿੜਤਾ ਅਤੇ ਚੜ੍ਹਦੀ ਕਲਾ ਲਈ ਅੱਜ ਗੁਰਦੁਆਰਾ ਸ੍ਰੀ ਗੁਰੂਸਰ ਕਾਉਂਕੇ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ।
Publish Date: Wed, 28 Oct 2026 12:09 PM (IST)
Updated Date: Wed, 28 Oct 2026 12:10 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ - ਕਾਉਂਕੇ ਕਲਾਂ ਪਿਛਲੇ ਦਿਨੀਂ ਗੁਰਮੁਖ ਪੀਰਾਂ ਦੀ ਧਰਤੀ ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਿਲਾਫ਼ ਜੰਗ ਲੜਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਾਈ ਪਰਮਿੰਦਰ ਸਿੰਘ ਦੀ ਸ਼ਹਾਦਤ ਨੂੰ ਸਨਮਾਨ ਭੇਟ ਕਰਦਿਆਂ, ਉਨ੍ਹਾਂ ਦੇ ਪਰਿਵਾਰ ਦੀ ਦ੍ਰਿੜਤਾ ਅਤੇ ਚੜ੍ਹਦੀ ਕਲਾ ਲਈ ਅੱਜ ਗੁਰਦੁਆਰਾ ਸ੍ਰੀ ਗੁਰੂਸਰ ਕਾਉਂਕੇ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਦੇਸ਼-ਵਿਦੇਸ਼ ਦੇ ਗੁਰੂ ਘਰਾਂ ਵਿੱਚ ਸ਼ਹੀਦ ਭਾਈ ਪਰਮਿੰਦਰ ਸਿੰਘ ਦੇ ਪਰਿਵਾਰ ਦੀ ਚੜ੍ਹਦੀ ਕਲਾ, ਉਨ੍ਹਾਂ ਵੱਲੋਂ ਸ਼ੁਰੂ ਕੀਤੇ ਨਸ਼ਾ ਵਿਰੋਧੀ ਕਾਰਜਾਂ ਦੀ ਪੂਰਤੀ ਅਤੇ ਨਿਆਂ ਦੀ ਪ੍ਰਾਪਤੀ ਲਈ ਅਰਦਾਸ ਦਿਵਸ ਮਨਾਉਣ ਦੇ ਸੱਦੇ ਤਹਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਸ੍ਰੀ ਗੁਰੂਸਰ ਕਾਉਂਕੇ ਵਿਖੇ ਇਲਾਕੇ ਦੀ ਸੰਗਤ ਵੱਲੋਂ ਅਰਦਾਸ ਕੀਤੀ ਗਈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈਸ ਨੂੰ ਦਿੱਤੀ।
ਅਰਦਾਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਦੇ ਕਿਰਦਾਰ, ਸਬਰ, ਜਜ਼ਬੇ ਅਤੇ ਗੁਰੂ ਵੱਲੋਂ ਬਖ਼ਸ਼ੇ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਮਿਸਾਲ ਦੇਖਣੀ ਹੋਵੇ ਤਾਂ ਸ਼ਹੀਦ ਭਾਈ ਪਰਮਿੰਦਰ ਸਿੰਘ ਦੇ ਪਰਿਵਾਰ ਤੋਂ ਵੱਡੀ ਮਿਸਾਲ ਹੋਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਸਤਿਕਾਰਯੋਗ ਪਿਤਾ ਭਾਈ ਭੀਮ ਸਿੰਘ, ਮਾਤਾ ਜੀ, ਧਰਮ ਪਤਨੀ ਅਤੇ ਬੱਚਿਆਂ ਨੇ ਜਿਸ ਦ੍ਰਿੜਤਾ ਅਤੇ ਸਬਰ ਨਾਲ ਇਸ ਦੁੱਖ ਦੀ ਘੜੀ ਦਾ ਸਾਹਮਣਾ ਕੀਤਾ ਹੈ, ਉਹ ਸਿੱਖ ਕੌਮ ਦੇ ਅਡੋਲ ਜਜ਼ਬੇ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਸੰਗਤ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ ਕਿ ਸ਼ਹੀਦ ਭਾਈ ਪਰਮਿੰਦਰ ਸਿੰਘ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੇ ਕਾਰਜਾਂ ਨੂੰ ਸਫਲਤਾ ਮਿਲੇ, ਉਨ੍ਹਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਬਲ ਬਖ਼ਸ਼ਿਆ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਪ੍ਰਾਪਤ ਹੋਵੇ। ਭਾਈ ਗਰੇਵਾਲ ਨੇ ਕਿਹਾ ਕਿ ਮਾਨਸਾ ਵਿਖੇ ਨਸ਼ਿਆਂ ਦੇ ਖ਼ਿਲਾਫ਼ ਚੱਲ ਰਹੇ ਮੋਰਚੇ ਨੂੰ ਵੀ ਗੁਰੂ ਸਾਹਿਬ ਚੜ੍ਹਦੀ ਕਲਾ ਬਖ਼ਸ਼ਣ ਅਤੇ ਇਹ ਸੰਘਰਸ਼ ਆਪਣੇ ਮਕਸਦ ਵਿੱਚ ਕਾਮਯਾਬ ਹੋਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਦੇ ਖ਼ਾਤਮੇ ਲਈ ਸਮੁੱਚੇ ਸਮਾਜ ਨੂੰ ਇਕਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ।
ਇਸ ਮੌਕੇ ਮੈਨੇਜਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਰਪ੍ਰੀਤ ਸਿੰਘ ਕਾਉਂਕੇ, ਬਲਜਿੰਦਰ ਸਿੰਘ ਗੁਰੂਸਰ, ਗੁਰਚਰਨ ਸਿੰਘ ਗੁਰੂਸਰ, ਮਨਜਿੰਦਰ ਸਿੰਘ, ਜਗਜੀਤ ਸਿੰਘ ਡੱਲਾ, ਬਲਦੇਵ ਸਿੰਘ, ਪ੍ਰਧਾਨ ਕਰਮ ਸਿੰਘ, ਸੁਖਦੀਪ ਸਿੰਘ ਸਿੱਧਵਾਂ, ਮਹਿੰਦਰ ਸਿੰਘ, ਗ੍ਰੰਥੀ ਸਿੰਘ ਭੁਪਿੰਦਰ ਸਿੰਘ, ਗੁਰਮੀਤ ਸਿੰਘ, ਸੁਖਜੀਵਨ ਸਿੰਘ, ਗੁਰਪ੍ਰੀਤ ਸਿੰਘ ਸਰਾਂ, ਸਰਪੰਚ ਜਸਵੀਰ ਸਿੰਘ ਦੇੜਕਾ, ਗੁਰਿੰਦਰ ਸਿੰਘ, ਆਰਚ ਸਿੰਘ ਡੱਲਾ, ਗੁਰਚਰਨ ਸਿੰਘ ਮਿਲਵਾਲੇ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।