- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੂੰਹ ਤੇ ਛਾਤੀ ਦੇ ਕੈਂਸਰ ਬਾਰੇ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਤੇ ਹਸਪਤਾਲ ਤੇ ਸ੍ਰੀ ਗੁਰੂ ਅਮਰਦਾਸ ਹਸਪਤਾਲ ਲੁਧਿਆਣਾ ਦੇ ਵਿਭਾਗ ਓਰਲ ਮੈਡੀਸਨ ਐਂਡ ਰੇਡੀਓਲੋਜੀ ਵੱਲੋਂ ਮੂੰਹ ਤੇ ਛਾਤੀ ਦੇ ਕੈਂਸਰ ਬਾਰੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ, ਜਿਸ ਦਾ ਮੁੱਖ ਉਦੇਸ਼ ਕੈਂਸਰ ਦੀ ਰੋਕਥਾਮ, ਸ਼ੁਰੂਆਤੀ ਪਛਾਣ ਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੌਕੇ ਪ੍ਰਬੰਧਕਾਂ ਅਨੁਸਾਰ ਇਹ ਪ੍ਰੋਗਰਾਮ ਡਾ. ਬਾਬਾ ਅਨਹਦ ਰਾਜ ਸਿੰਘ ਦੇ ਮਾਰਗਦਰਸ਼ਨ ਹੇਠ ਕਰਵਾਇਆ, ਜਿਨ੍ਹਾਂ ਦੀ ਦੂਰਦਰਸ਼ੀ ਸੋਚ ’ਤੇ ਸਮਾਜ-ਸੇਵਾ ਪ੍ਰਤੀ ਸਮਰਪਣ ਅਜਿਹੀਆਂ ਸਿਹਤ ਸਬੰਧੀ ਪਹਿਲਕਦਮੀਆਂ ਲਈ ਪ੍ਰੇਰਣਾਸਰੋਤ ਹਨ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ (ਸੇਵਾਮੁਕਤ ਮੇਜਰ ਜਨਰਲ) ਡਾ. ਐੱਚਐੱਸ ਸੰਧੂ ਤੇ ਡਾ. ਨਮਿਤਾ ਸਿੰਘ ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਪੈਦਾ ਕਰਨਾ ਹੈ। ਸੰਸਥਾ ਵੱਲੋਂ ਭਵਿੱਖ ’ਚ ਵੀ ਸੈਮੀਨਾਰਾਂ ਤੇ ਕਾਰਜਸ਼ਾਲਾਵਾਂ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਡਾ. ਅਸ਼ੀਮਾ ਬਹਿਲ ਮੁਖੀ ਵਿਭਾਗ ਓਰਲ ਮੈਡੀਸਨ ਐਂਡ ਰੇਡੀਓਲੋਜੀ ਨੇ ਸਿਹਤ ਸਿੱਖਿਆ ਨੂੰ ਅਕਾਦਮਿਕ ਸਿੱਖਿਆ ਨਾਲ ਜੋੜਨ ਤੇ ਭਵਿੱਖ ਵਿੱਚ ਡਾਕਟਰੀ ਕਿੱਤੇ ਨਾਲ ਜੁੜੇ ਲੋਕਾਂ ਨੂੰ ਸਮਾਜ ਦੀ ਭਲਾਈ ਲਈ ਪ੍ਰੇਰਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜਦਕਿ ਮੁੱਖ ਬੁਲਾਰੇ ਦੇ ਤੌਰ ‘ਤੇ ਮੌਜੂਦ ਡਾ. ਮਿਧਿਲਾ ਬੇਬੀ ਐੱਮਡੀ, ਡੀਆਰਐੱਨਬੀ ਮੈਡੀਕਲ ਓਨਕੋਲੋਜਿਸਟ ਨੇ ਮੂੰਹ ਤੇ ਛਾਤੀ ਦੇ ਕੈਂਸਰ ਦੇ ਕਾਰਨਾਂ, ਜੋਖਮ ਦੇ ਕਾਰਕਾਂ, ਸ਼ੁਰੂਆਤੀ ਲੱਛਣਾਂ, ਰੋਕਥਾਮ ਤੇ ਸਮੇਂ ਸਿਰ ਪਛਾਣ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਲੋਕਾਂ ਨੂੰ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਔਰਤਾਂ ਦੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਸ਼੍ਰੀ ਗੁਰੂ ਅਮਰ ਦਾਸ ਹਸਪਤਾਲ ਸੈਕਟਰ 32, ਲੁਧਿਆਣਾ ਵਿਖੇ ਮੈਮੋਗ੍ਰਾਫੀ ਦੀ ਸਹੂਲਤ ਉਪਲੱਬਧ ਹੈ, ਜੋ ਛਾਤੀ ਨਾਲ ਸੰਬੰਧਿਤ ਅਸਧਾਰਨਤਾਵਾਂ ਦੀ ਜਾਂਚ ਅਤੇ ਸਮੇਂ ਸਿਰ ਡਾਕਟਰੀ ਮੁਲਾਂਕਣ ਵਿੱਚ ਸਹਾਇਕ ਹੈ। ਸਮਾਗਮ ’ਚ ਕਾਲਜ ਦੇ ਫੈਕਲਟੀ ਮੈਂਬਰਾਂ, ਪੋਸਟਗ੍ਰੈਜੂਏਟ ਵਿਦਿਆਰਥੀਆਂ, ਇੰਟਰਨਜ਼ ਤੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਡਾ ਨਮਿਤਾ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਸੰਸਥਾ ਦੀ ਮਿਆਰੀ ਸਿੱਖਿਆ, ਰੋਕਥਾਮ ਮੁਖੀ ਸਿਹਤ ਸੰਭਾਲ ਤੇ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।