ਬਖਸ਼ੀ ਮਹਿੰਦਰ ਸਿੰਘ ਦੀ 12ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਬਖਸ਼ੀ ਮਹਿੰਦਰ ਸਿੰਘ ਦੀ 12ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ
Publish Date: Sat, 18 Jul 2026 07:48 PM (IST)
Updated Date: Sun, 19 Jul 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਉੱਘੇ ਸਮਾਜ ਸੇਵੀ ਅਤੇ ਗੁਰੂ ਤੇਗ ਬਹਾਦਰ ਸਾਹਿਬ (ਚੈ.) ਹਸਪਤਾਲ ਅਤੇ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਲੁਧਿਆਣਾ ਦੇ ਫਾਉਂਡਰ ਸਵਰਗਵਾਸੀ ਬਖਸ਼ੀ ਮਹਿੰਦਰ ਸਿੰਘ ਦੀ 12ਵੀਂ ਬਰਸੀ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦਰ ਸਾਹਿਬ (ਚੈ.) ਹਸਪਤਾਲ ਸੁਸਾਇਟੀ ਵਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਉਪਰੰਤ ਸਹਿਜ ਪਾਠ ਦੀ ਸੰਪੂਰਤਾ ਦਾ ਭੋਗ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਨਿਰਦੇਸ਼ਕ ਗੁਰੂ ਤੇਗ਼ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਲੁਧਿਆਣਾ ਸੰਬੋਧਨ ਕਰਦਿਆਂ ਨੇ ਕਿਹਾ ਕਿ ਸਵਰਗਵਾਸੀ ਬਖਸ਼ੀ ਮਹਿੰਦਰ ਸਿੰਘ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਨਿਰਸਵਾਰਥ ਸੇਵਾ ਨੂੰ ਸਮਰਪਿਤ ਕਰਦਿਆਂ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਬਖਸ਼ੀ ਮਹਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਸੇਵਾ ਕਾਰਜਾਂ ਨੂੰ ਉਸੇ ਸਮਰਪਣ ਅਤੇ ਨਿਸ਼ਠਾ ਨਾਲ ਅੱਗੇ ਵਧਾਉਂਦੇ ਉਨ੍ਹਾਂ ਦੇ ਸਪੁੱਤਰ ਬਖਸ਼ੀ ਅਮਰਦੀਪ ਸਿੰਘ ਵੱਲੋਂ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇ ਅਤੇ ਲੜਕੀਆਂ ਨੂੰ ਨਰਸਿੰਗ ਦਾ ਕੋਰਸ ਕਰਵਾ ਕੇ ਸਮਾਜ ਦੀ ਸੇਵਾ ਲਈ ਤਿਆਰ ਕੀਤਾ ਜਾ ਸਕੇ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸਵਰਗੀ ਬਖਸ਼ੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਆਧੁਨਿਕ ਸਿਹਤ ਸਹੂਲਤਾਂ ਵਾਲੇ ਹਸਪਤਾਲ ਦੀ ਸਥਾਪਨਾ ਕਰਨ ਦੇ ਨਾਲ-ਨਾਲ ਲੜਕੀਆਂ ਲਈ ਨਰਸਿੰਗ ਸੰਸਥਾ ਖੋਲ੍ਹ ਕੇ ਉਨ੍ਹਾਂ ਨੂੰ ਸਵੈ-ਨਿਰਭਰ ਬਣਨ ਅਤੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ਐਡਵੋਕੇਟ ਭਾਰਤਵੀਰ ਸਿੰਘ ਸੋਬਤੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਵਰਗਵਾਸੀ ਬਖਸ਼ੀ ਮਹਿੰਦਰ ਸਿੰਘ ਦਾ ਜੀਵਨ ਸਮਾਜ ਸੇਵਾ, ਸਿੱਖਿਆ ਅਤੇ ਸਿਹਤ ਸੇਵਾਵਾਂ ਲਈ ਸਮਰਪਣ ਦੀ ਵਿਲੱਖਣ ਮਿਸਾਲ ਹੈ। ਇਸ ਮੌਕੇ ਹਸਪਤਾਲ/ਨਰਸਿੰਗ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਖਸ਼ੀ ਨੇ ਕਿਹਾ ਕਿ ਉਹ ਮਰੀਜ਼ਾਂ ਦੇ ਬਿਹਤਰ ਇਲਾਜ ਦੇ ਨਾਲ ਨਾਲ ਵਿਦਿਆਰਥੀਆਂ ਲਈ ਉੱਚ ਦਰਜੇ ਦੀ ਨਰਸਿੰਗ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਆਪਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਨਾਲ ਲੈਕੇ ਸਮਾਜ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਬਲਜੀਤ ਸਿੰਘ ਮੱਕੜ, ਜੁਗਿੰਦਰ ਸਿੰਘ ਈਰੋਜ, ਗੁਰਪ੍ਰੀਤ ਕੌਰ ਬਖਸ਼ੀ, ਅਰਵੀਨ ਕੌਰ ਮੱਕੜ, ਬਖਸ਼ੀ ਜਸਮੀਤ ਸਿੰਘ, ਸੁਧੀਰ ਸਹਿਗਲ, ਵਾਈ. ਕੇ. ਭੂਸ਼ਣ ਸਮੇਤ ਮੈਡੀਕਲ ਡਾਇਰੈਕਟਰ ਡਾ. ਹਰੀਸ਼ ਸਹਿਗਲ, ਮੈਡੀਕਲ ਸੁਪਰਡੈਂਟ ਡਾ. ਨੀਰਜ ਸਿੰਗਲਾ, ਸਮੂਹ ਫੈਕਲਟੀ ਮੈਂਬਰ, ਹਸਪਤਾਲ ਦਾ ਸਟਾਫ ਅਤੇ ਸਮੂਹ ਨਰਸਿੰਗ ਸਿਖਿਆਰਥੀ ਅਤੇ ਸਿਖਿਆਰਥਣਾਂ ਮੌਜੂਦ ਸਨ।