ਬੱਬਰ ਅਕਾਲੀ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਨਾਟਕ ਦਾ ਮੰਚਨ ਬੱਬਰ ਅਕਾਲੀ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਨਾਟਕ ਅਸੀਂ ਯੁੱਗ ਸਿਰਜਾਂਗੇ ਖੇਡਿਆ
Publish Date: Sun, 01 Nov 2026 07:12 PM (IST)
Updated Date: Mon, 02 Nov 2026 04:02 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਮਹੀਨੇਵਾਰ ਨਾਟਕ ਸਮਾਗਮ ਦਾ ਆਯੋਜਨ ਕੀਤਾ ਗਿਆ। ਬੱਬਰ ਅਕਾਲੀ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਇਸ ਸਮਾਗਮ ਦਾ ਉਦਘਾਟਨ ਜਸਵੀਰ ਸਿੰਘ ਐਡਵੋਕੇਟ, ਅਮਰੀਕ ਤਲਵੰਡੀ, ਕੇ. ਸਾਧੂ ਸਿੰਘ, ਪਰਮਜੀਤ ਪੰਮੀ, ਮਾਸਟਰ ਉਜਾਗਰ ਸਿੰਘ ਅਤੇ ਹਰਕੇਸ਼ ਚੌਧਰੀ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਐਡਵੋਕੇਟ ਜਸਵੀਰ ਸਿੰਘ ਨੇ ਕਿਹਾ ਕਿ ਲੋਕ ਕਲਾ ਮੰਚ ਸਮਾਜਿਕ ਖੇਤਰ ਵਿੱਚ ਜਿੱਥੇ ਨਵੀਆਂ ਪੈੜਾਂ ਪਾਉਂਦਾ ਹੋਇਆ ਅੱਗੇ ਵੱਧ ਰਿਹਾ ਹੈ ਉੱਥੇ ਨੈਤਿਕ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਅ ਰਿਹਾ ਹੈ, ਜਿਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ। ਅਮਰੀਕ ਤਲਵੰਡੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀਤੇ ਹਰ ਮਹੀਨੇ ਨਵਾਂ ਨਾਟਕ ਕਰਨਾ ਸੌਖਾ ਕੰਮ ਨਹੀਂ ਹੈ ਪਰ ਦ੍ਰਿੜ੍ਹ ਇਰਾਦੇ ਅੱਗੇ ਮੁਸ਼ਕਿਲਾਂ ਟਿਕ ਨਹੀਂ ਸਕਦੀਆਂ। ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਅਤੇ ਗੁਰਸ਼ਰਨ ਸਿੰਘ ਭਾਅ ਜੀ ਦਾ ਲਿਖਿਆ ਨਾਟਕ ‘ਅਸੀਂ ਯੁੱਗ ਸਿਰਜਾਂਗੇ ’ ਲੋਕ ਕਲਾ ਮੰਚ ਦੇ ਪਾਤਰਾਂ ਵੱਲੋ ਪੇਸ਼ ਕੀਤਾ ਗਿਆ। ਨਾਟਕ ਆਪਣੀ ਗੱਲ ਕਹਿਣ ਲਈ ਸਫ਼ਲ ਰਿਹਾ ਕਿ 78 ਸਾਲਾਂ ਦੀ ਅਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਮਜ਼ਦੂਰਾਂ ਦੀ ਹਾਲਤ ਨਹੀਂ ਬਦਲੀ ਅਤੇ ਉਹ ਹੋਰ ਬਦਤਰ ਹੁੰਦੀ ਜਾ ਰਹੀ ਹੈ। ਮਜ਼ਦੂਰਾਂ ਨਾਲ ਲਗਾਤਾਰ ਧੱਕਾ ਹੁੰਦਾ ਹੈ। ਮਾਸਟਰ ਦੀਪਕ ਰਾਏ ਬਾਪੂ ਦੇ ਕਿਰਦਾਰ ਵਿੱਚ ਖੂਬ ਜਚਿਆ ਅਤੇ ਰਣਵੀਰ ਸਿੰਘ ਨੇ ਮਾਸਟਰ ਜੀ ਦਾ ਕਿਰਦਾਰ ਬਾਖੂਬੀ ਨਿਭਾਇਆ। ਨੈਨਾ ਸ਼ਰਮਾ, ਮਨਪ੍ਰੀਤ ਸਿੰਘ, ਹਰਜੀਤ ਕੌਰ, ਜੀਵਿਕਾ ਬਲੋਚ, ਜਸਮੀਨ ਕੌਰ, ਕਿਰਨਦੀਪ ਕੌਰ, ਜਸਰੀਨ ਕੌਰ ਅਤੇ ਲਖਵੀਰ ਸਿੰਘ ਆਪਣੇ ਕਿਰਦਾਰਾਂ ਨਾਲ ਇਨਸਾਫ਼ ਕਰਨ ਵਿੱਚ ਸਫਲ ਰਹੇ। ਇਸ ਮੌਕੇ ਅੰਜੂ ਚੌਧਰੀ, ਨੀਰਜਾ ਬਾਂਸਲ, ਸੁਖਵਿੰਦਰ ਸਿੰਘ ਗਿੱਲ, ਭਾਗ ਸਿੰਘ ਗਿੱਲ, ਅਜਮੇਰ ਸਿੰਘ ਮੁੱਲਾਂਪੁਰ, ਪ੍ਰਗਟ ਸਿੰਘ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ ।