ਕੋਲਡ ਡ੍ਰਿੰਕ 'ਚ ਨਸ਼ਾ ਮਿਲਾ ਕੇ ਨਾਬਾਲਗ ਨਾਲ ਹੋਟਲ 'ਚ ਜਬਰ-ਜਨਾਹ, ਮੁਲਜ਼ਮ ਪੀੜਤਾ ਨੂੰ ਹਸਪਤਾਲ ਦੀ ਪਾਰਕਿੰਗ 'ਚ ਛੱਡ ਕੇ ਫ਼ਰਾਰ
ਪੁਲਿਸ ਦੇ ਮੁਤਾਬਿਕ ਮੁਲਜ਼ਮ ਦੀ ਪਛਾਣ ਦੁਸ਼ਹਿਰਾ ਗਰਾਊਂਡ, ਉਪਕਾਰ ਨਗਰ ਦੇ ਵਾਸੀ ਰਹਿਮਾਨ ਖਾਨ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 137(2), 61(1) ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
Publish Date: Fri, 04 Sep 2026 11:58 AM (IST)
Updated Date: Fri, 04 Sep 2026 12:01 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਹੈਬੋਵਾਲ ਇਲਾਕੇ ’ਚ ਇੱਕ ਨਾਬਾਲਗ ਨੂੰ ਕੋਲਡ ਡ੍ਰਿੰਕ ’ਚ ਨਸ਼ੀਲੀ ਵਸਤੂ ਮਿਲਾ ਕੇ ਬੇਹੋਸ਼ ਕਰਨ ਤੋਂ ਬਾਅਦ ਹੋਟਲ ’ਚ ਲਿਜਾ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਨਾਬਾਲਗ ਨੂੰ ਡੀ.ਐੱਮ.ਸੀ. ਹਸਪਤਾਲ ਦੀ ਪਾਰਕਿੰਗ ’ਚ ਛੱਡ ਕੇ ਫਰਾਰ ਹੋ ਗਿਆ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਹੈਬੋਵਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੇ ਮੁਤਾਬਿਕ ਮੁਲਜ਼ਮ ਦੀ ਪਛਾਣ ਦੁਸ਼ਹਿਰਾ ਗਰਾਊਂਡ, ਉਪਕਾਰ ਨਗਰ ਦੇ ਵਾਸੀ ਰਹਿਮਾਨ ਖਾਨ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 137(2), 61(1) ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਥਾਣਾ ਹੈਬੋਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਰਹਿਮਾਨ ਦੀ ਦੋਸਤੀ ਉਨ੍ਹਾਂ ਦੀ ਬੇਟੀ ਨਾਲ ਹੋ ਗਈ ਸੀ।
ਮੁਲਜ਼ਮ ਨੇ ਨਾਬਾਲਗ ਨੂੰ ਦੋਸਤੀ ਦੇ ਬਹਾਨੇ ਬੁਲਾਇਆ। ਇਸ ਦੌਰਾਨ ਉਸ ਨੂੰ ਨਸ਼ੀਲੀ ਕੋਲਡ ਡ੍ਰਿੰਕ ਪਿਲਾਈ ਗਈ। ਕੋਲਡ ਡ੍ਰਿੰਕ ਪੀਣ ਤੋਂ ਬਾਅਦ ਨਾਬਾਲਗ ਦੇ ਬੇਹੋਸ਼ ਹੋ ਜਾਣ ’ਤੇ ਮੁਲਜ਼ਮ ਉਸ ਨੂੰ ਇੱਕ ਹੋਟਲ ’ਚ ਲੈ ਗਿਆ। ਦੋਸ਼ ਹੈ ਕਿ ਹੋਟਲ ’ਚ ਮੁਲਜ਼ਮ ਨੇ ਨਾਬਾਲਗ ਨਾਲ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਉਹ ਉਸ ਨੂੰ ਡੀ.ਐੱਮ.ਸੀ. ਹਸਪਤਾਲ ਦੀ ਪਾਰਕਿੰਗ ’ਚ ਛੱਡ ਕੇ ਫਰਾਰ ਹੋ ਗਿਆ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਪੜਤਾਲ ਸ਼ੁਰੂ ਕੀਤੀ। ਪੜਤਾਲ ਦੌਰਾਨ ਪੁਲਿਸ ਨੇ ਨਾਮਜ਼ਦ ਮੁਲਜ਼ਮ ਰਹਿਮਾਨ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।