27 ਨੂੰ ਰੋਸ ਮੁਜ਼ਾਹਰਾ ਕਰੇਗਾ ਸਾਂਝਾ ਮੁਲਾਜ਼ਮ ਮੰਚ ਪਿੰਡ ਸਵੱਦੀ ਕਲਾਂ ’ਚ ਸਾਂਝਾ ਮੁਲਾਜ਼ਮ ਮੰਚ ਦੀ ਇਕੱਤਰਤਾ ਹੋਈ
Publish Date: Tue, 25 Aug 2026 08:03 PM (IST)
Updated Date: Tue, 25 Aug 2026 08:03 PM (IST)
ਪਿੰਡ ਸਵੱਦੀ ਕਲਾਂ ’ਚ ਮੰਚ ਦੀ ਹੋਈ ਇਕੱਤਰਤਾ ਸਤੀਸ਼ ਗੁਪਤਾ, ਪੰਜਾਬੀ ਜਾਗਰਣ ਚੌਂਕੀਮਾਨ : ਪੰਜਾਬ ਸਰਕਾਰ ਨਾਲ ਮੁਲਾਜ਼ਮਾਂ ਦੀ ਚੱਲ ਰਹੀ ਆਰ-ਪਾਰ ਦੀ ਲੜਾਈ, ਜਿਸ ਦਾ 27 ਅਗਸਤ ਨੂੰ ਸਿਖਰ ਹੋਵੇਗਾ, ਵਿੱਚ ਸ਼ਾਮਲ ਹੋਣ ਤੇ ਮਹਾਂ ਬੰਦ ਨੂੰ ਸਫਲ ਬਣਾਉਣ ਲਈ ਸਾਂਝਾ ਮੁਲਾਜ਼ਮ ਮੰਚ ਬਲਾਕ ਸਿੱਧਵਾਂ ਬੇਟ 2 ਦੇ ਸਰਗਰਮ ਆਗੂਆਂ ਦੀ ਹੰਗਾਮੀ ਮੀਟਿੰਗ ਜਤਿੰਦਰਪਾਲ ਸਿੰਘ ਤਲਵੰਡੀ, ਬਲਵੀਰ ਸਿੰਘ ਬਾਸੀਆਂ ਅਤੇ ਪਰਮਜੀਤ ਸਿੰਘ ਸਵੱਦੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ 7 ਅਗਸਤ ਦੀ ਚੰਡੀਗੜ੍ਹ ਵਿਚ ਪੰਜਾਬ ਭਰ ਦੇ ਲੱਖਾਂ ਮੁਲਾਜ਼ਮਾਂ ਵੱਲੋਂ ਕੀਤੀ ਗਈ ਇਤਿਹਾਸਕ ਰੈਲੀ ਤੋਂ ਬਾਅਦ ਵੀ ਸਰਕਾਰ ਮੁਲਾਜ਼ਮਾਂ ਪ੍ਰਤੀ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਹਨਾਂ ਵਿੱਚ 18 ਫੀਸਦੀ ਡੀਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ 17/7/2020 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਵਾਉਣ ਸਮੇਤ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਸਰਕਾਰ ਨੇ ਕੱਟੇ ਹਨ, ਜਿਸ ਨਾਲ ਮਹਿੰਗਾਈ ਦੇ ਦੌਰ ਵਿੱਚ ਹਰ ਮੁਲਾਜ਼ਮ ਨੂੰ ਆਰਥਿਕ ਤੌਰ ’ਤੇ ਵੱਡਾ ਘਾਟਾ ਪੈ ਰਿਹਾ ਹੈ ਤੇ ਉੱਧਰ ਸਰਕਾਰ ਆਪਣੇ ਮੰਤਰੀਆਂ-ਸੰਤਰੀਆਂ ਦੀਆਂ ਤਨਖਾਹਾਂ ਤੇ ਭੱਤਿਆਂ ’ਚ ਬੇਰੋਕ ਵਾਧਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਸਕੇਲਾਂ ਦਾ ਪ੍ਰਚਾਰ ਕਰ ਕੇ ਪੰਜਾਬ ਦੇ ਮੁਲਾਜ਼ਮ ਦੀਆਂ ਤਨਖਾਹਾਂ ਨੂੰ ਵੱਧ ਦੱਸਿਆ ਜਾ ਰਿਹਾ ਹੈ ਪਰ ਹਕੀਕਤ ਇਸ ਤੋਂ ਉਲਟ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ 17 ਜੁਲਾਈ ਦਾ ਪੱਤਰ ਮੁਲਾਜ਼ਮ ਮਾਰੂ ਹੈ, ਜਿਸ ਨਾਲ ਨਵੇਂ ਮੁਲਾਜ਼ਮ ਘੱਟ ਤਨਖਾਹ ਤੇ ਭਰਤੀ ਕੀਤੇ ਜਾ ਰਹੇ ਹਨ ਜੋ ਮੁਲਾਜ਼ਮ ਵਰਗ ਦੇ ਭਵਿੱਖ ਲਈ ਮਾਰੂ ਫੈਸਲਾ ਹੈ। ਉਹਨਾਂ ਕਿਹਾ ਕਿ ਇਹਨਾਂ ਮੁਲਾਜ਼ਮ ਮਾਰੂ ਫੈਸਲਿਆਂ ਵਿਰੁੱਧ ਹੀ 27 ਅਗਸਤ ਨੂੰ ਸਾਂਝੇ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਦੇ ਬੈਨਰ ਹੇਠ ਮਹਾਂ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ, ਤਹਿਸੀਲ ਤੇ ਬਲਾਕ ਪੱਧਰ ਦੇ ਧਰਨਿਆਂ ਚ ਸ਼ਾਮਲ ਹੋਣਗੇ ਤੇ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣਗੇ। ਬਲਾਕ ਸਿੱਧਵਾ ਬੇਟ 2 ਦੇ ਸਮੂਹ ਅਧਿਆਪਕ ਵੀ ਸਮੂਹਿਕ ਛੁੱਟੀ ਲੈ ਕੇ ਬਲਾਕ ਪੱਧਰੀ ਧਰਨੇ ਵਿਚ ਸ਼ਾਮਲ ਹੋਣਗੇ। ਇਸ ਮੌਕੇ ਜਸਪਾਲ ਸਿੰਘ ਭੱਠਾਧੂਹਾ, ਜਰਨੈਲ ਸਿੰਘ ਪੁੜੈਣ, ਜਸਮੇਲ ਸਿੰਘ ਭੱਠਾਧੂਹਾ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਪਮਾਲੀ, ਸੁਖਦੀਪ ਸਿੰਘ ਢਿੱਲੋਂ, ਹਰਪ੍ਰਤਾਪ ਸਿੰਘ ਸਵੱਦੀ, ਗੁਰਵਿੰਦਰ ਸਿੰਘ ਤਲਵੰਡੀ, ਜਸਵਿੰਦਰ ਸਿੰਘ, ਸ਼ਮਸ਼ੇਰ ਸਿੰਘ ਪੁੜੈਣ ਆਦਿ ਹਾਜ਼ਰ ਸਨ।