ਵੂਲਨ ਖੋਹ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਹੋਇਆ ਸੁਆਹ

* ਗੁਆਂਢ ਦੇ ਚਾਰ ਘਰ ਵੀ ਅੱਗ ਦੀ ਲਪੇਟ ’ਚ ਆਏ, ਜਾਨੀ ਨੁਕਸਾਨ ਦਾ ਰਿਹਾ ਬਚਾਅ
* ਟਿੱਬਾ ਰੋਡ ’ਤੇ ਖੋਹ ਦੇ ਗੁਦਾਮ ਆਮ ਲੋਕਾਂ ਲਈ ਖਤਰੇ ਦੀ ਘੰਟੀ
ਫੋਟੋ 31
ਐੱਸਪੀ ਜੋਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਟਿੱਬਾ ਰੋਡ ’ਤੇ ਸਥਿਤ ਮੁਹੱਲਾ ਪੰਜਾਬੀ ਬਾਗ ’ਚ ਉੱਨ, ਕੱਪੜਾ ਤੇ ਧਾਗੇ ਦੀ ਵੇਸਟ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਗੁਦਾਮ ਅੰਦਰ ਪਿਆ ਉਨੀ ਕੱਪੜਾ ਤੇ ਧਾਗਾ ਮਿੰਟਾਂ ’ਚ ਅੱਗ ਲਈ ਬਾਲਣ ਬਣਿਆ ਤੇ ਵੇਖਦੇ ਹੀ ਵੇਖਦੇ ਪੂਰਾ ਗੁਦਾਮ ਅੱਗ ਦੇ ਗੋਲੇ ਦਾ ਰੂਪ ਧਾਰ ਗਿਆ। ਅਗਨੀ ਕਾਂਡ ਦੀ ਜਾਣਕਾਰੀ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪੁੱਜ ਕੇ ਖਾਸੀ ਮੁਸ਼ਕਤ ਮਗਰੋਂ ਅੱਗ ਉੱਪਰ ਕਾਬੂ ਪਾਇਆ, ਪਰ ਉਸ ਵੇਲੇ ਤੱਕ ਅੰਦਰ ਪਿਆ ਲਗਪਗ ਸਾਰਾ ਹੀ ਮਾਲ ਸੜ ਕੇ ਸੁਆਹ ਦੇ ਢੇਰ ’ਚ ਬਦਲ ਚੁੱਕਾ ਸੀ। ਹਾਲਾਂਕਿ ਇਸ ਭਿਆਨਕ ਅਗਨੀ ਕਾਂਡ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਬੁੱਧਵਾਰ ਦਿਨ ਵੇਲੇ ਦੀ ਹੈ ਜਦ ਟਿਬਾ ਰੋਡ ਸਥਿਤ ਪੰਜਾਬੀ ਬਾਗ਼ ਮੁਹੱਲੇ ਦੀ ਗਲੀ ਨੰਬਰ 10 ’ਚ ਵੂਲਣ ਵੇਸਟ ਗੁਦਾਮ ਅੱਗ ਦੀ ਲਪੇਟ ’ਚ ਆ ਗਿਆ। ਖੋਹ ਨੂੰ ਲੱਗੀ ਅੱਗ ਚੰਦ ਮਿੰਟ ਵਿੱਚ ਹੀ ਭਿਆਨਕ ਰੂਪ ਧਾਰ ਗਈ ਅਤੇ ਅੱਗ ਦੀਆਂ ਲਪਟਾਂ ਨੇ ਗੋਦਾਮ ਤੇ ਨਾਲ ਲੱਗਦੇ ਚਾਰ ਘਰਾਂ ਨੂੰ ਵੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਗਦਾਮ ਵਿੱਚੋਂ ਧੂਆਂ ਨਿਕਲਦਾ ਦੇਖ ਗੁਦਾਮ ਮੁਲਾਜ਼ਮਾਂ ਅਤੇ ਗੁਆਂਢੀਆਂ ਨੇ ਆਪਣੇ ਪੱਧਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਵੱਡੀ ਮਾਤਰਾ ਵਿੱਚ ਅੰਦਰ ਪਈ ਉੱਨ ਦੀ ਖੋਹ ਨੂੰ ਲੱਗੀ ਅੱਗ ਬੇਕਾਬੂ ਹੋਣ ਲੱਗੀ ਤਾਂ ਫਾਇਰ ਬ੍ਰਿਗਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪੁੱਜ ਕੇ ਕਰੀਬ ਡੇਢ ਘੰਟਾ ਮਸ਼ੱਕਤ ਮਗਰੋਂ ਅੱਗ ਉੱਪਰ ਕਾਬੂ ਪਾ ਲਿਆ, ਪਰ ਉਸ ਵੇਲੇ ਤੱਕ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ। ਜਾਣਕਾਰੀ ਮੁਤਾਬਕ ਬਿਜਲੀ ਦਾ ਸ਼ਾਟ ਸਰਕਟ ਹੋਣ ਕਾਰਨ ਗੁਦਾਮ ਨੂੰ ਅੱਗ ਲੱਗੀ, ਪਰ ਸਟੀਕ ਕਾਰਨਾਂ ਦੀ ਜਾਣਕਾਰੀ ਅਗਲੇਰੀ ਪੜਤਾਲ ’ਚ ਸਾਹਮਣੇ ਆਵੇਗੀ।
ਫਾਇਰ ਬ੍ਰਿਗੇਡ ’ਤੇ ਲੱਗੇ ਲੇਟ ਪੁੱਜਣ ਦੇ ਦੋਸ਼
ਅੱਗ ਦੀ ਲਪੇਟ ’ਚ ਆਏ ਗੁਦਾਮ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਦੋਸ਼ ਲਗਾਏ ਕਿ ਅੱਗ ਲੱਗਣ ਦੀ ਜਾਣਕਾਰੀ ਦੇਣ ਦੇ ਕਰੀਬ ਡੇਢ ਘੰਟੇ ਬਾਅਦ ਫਾਇਰ ਬਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ਤੇ ਆਈਆਂ। ਜੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮਾਂ ਰਹਿੰਦੇ ਆ ਜਾਂਦੀਆਂ ਤਾਂ ਲੱਖਾਂ ਰੁਪਏ ਦਾ ਮਾਲ ਬਚ ਜਾਂਦਾ ਅਤੇ ਆਸ ਪਾਸ ਘਰਾਂ ਤੱਕ ਵੀ ਅੱਗ ਨਾ ਪੁੱਜਦੀ।
ਵੇਸਟ ਗੁਦਾਮ ਲੋਕਾਂ ਦੇ ਗਲੇ ’ਤੇ ਲਟਕਦੀ ਤਲਵਾਰ
ਦੱਸਣਯੋਗ ਹੈ ਕਿ ਟਿੱਬਾ ਰੋਡ ਪੰਜਾਬੀ ਭਾਗ ਤੇ ਆਸ ਪਾਸ ਇਲਾਕੇ ’ਚ ਵੱਡੀ ਗਿਣਤੀ ਵੇਸਟ ਦੇ ਗੁਦਾਮ ਬਣੇ ਹੋਏ ਹਨ। ਭੀੜੀਆਂ ਗਲੀਆਂ ਅੰਦਰ ਬਣੇ ਇਨ੍ਹਾਂ ਗੁਦਾਮਾਂ ’ਚ ਸੂਤੀ, ਉਨੀ ਕੱਪੜੇ ਧਾਗੇ ਅਤੇ ਵੇਸਟ ਵੱਡੇ ਪੱਧਰ ਤੇ ਸਟਾਕ ਕੀਤਾ ਜਾਂਦਾ ਹੈ। ਬਿਨ੍ਹਾਂ ਸੁਰੱਖਿਆ ਮਾਣਕ ਪੂਰੇ ਕੀਤੇ ਮਨ ਮਰਜੀ ਨਾਲ ਖੋਹ ਸਟੋਰ ਕਰਨ ਲਈ ਬਣੇ ਇਨ੍ਹਾਂ ਗੁਦਾਮਾਂ ਵਿੱਚ ਅੱਗਜਨੀ ਜਿਹੀਆਂ ਦੁਰਘਟਨਾਵਾਂ ਹੋਣ ਦੀ ਸੂਰਤ ਵਿੱਚ ਆਸ ਪਾਸ ਰਹਿਣ ਵਾਲੇ ਲੋਕਾਂ ਦੀ ਜਿੰਦਗੀ ਹਰ ਸਮੇਂ ਖਤਰੇ ਵਿੱਚ ਰਹਿੰਦੀ ਹੈ। ਬੀਤੇ ਕੁਝ ਸਮੇਂ ਅੰਦਰ ਹੀ ਟਿੱਬਾ ਰੋਡ ਦੇ ਖੋਕ ਦਾਮਾ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਿੱਚ ਜਿੱਥੇ ਲੱਖਾਂ ਰੁਪਈਆ ਦਾ ਮਾਲ ਸੜ ਕੇ ਸੁਆਹ ਹੋਇਆ, ਉੱਥੇ ਹੀ ਆਮ ਲੋਕਾਂ ਲਈ ਅੱਗਜਨੀ ਦੀ ਹਰ ਘਟਨਾ ਖਤਰੇ ਦੀ ਘੰਟੀ ਸਾਬਤ ਹੋਈਆਂ। ਇਲਾਕੇ ਦੇ ਬਹੁ ਗਿਣਤੀ ਗੋਦਾਮਾਂ ਵਿੱਚ ਅੱਗਜਨੀ ਦੇ ਹਾਲਾਤਾਂ ਉੱਪਰ ਕਾਬੂ ਪਾਣ ਲਈ ਬੁਨਿਆਦੀ ਬੰਦੋਬਸਤ ਤੱਕ ਨਹੀਂ, ਪਰ ਨਾ ਤਾਂ ਪ੍ਰਸ਼ਾਸਨ ਵੱਲੋਂ ਇਸ ਅਹਿਮ ਮਾਮਲੇ ਦੀ ਕਮਤੀ ਨੂੰ ਸਮਝਦੇ ਹੋਏ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਗੈਰ ਕਾਨੂੰਨੀ ਢੰਗ ਨਾਲ ਗੁਦਾਮ ਬਣਾਉਣ ਵਾਲਿਆਂ ਵੱਲੋਂ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਲਈ ਕੋਈ ਪਹਿਲਕਦਮੀ ਕੀਤੀ ਜਾ ਰਹੀ ਹੈ।