ਜ਼ਮੀਨੀ ਵਿਵਾਦ ਦਾ ਦੁਖਦਾਈ ਅੰਤ: ਜ਼ਮੀਨ ਦੇ ਝਗੜੇ ਤੋਂ ਦੁਖੀ ਹੋ ਕੇ ਚੁੱਕਿਆ ਖੌਫ਼ਨਾਕ ਕਦਮ, ਤਿੰਨ ਰਿਸ਼ਤੇਦਾਰਾਂ ਖ਼ਿਲਾਫ਼ ਕੇਸ
ਪੁਲਿਸ ਨੂੰ ਦਿੱਤੇ ਬਿਆਨ ’ਚ ਡੇਹਲੋਂ ਦੇ ਵਾਸੀ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਮੋਟਰ ਵਾਲੀ ਜ਼ਮੀਨ ਉਸਦੇ ਸਕੇ ਤਾਏ ਹਾਕਮ ਸਿੰਘ ਦੇ ਨਾਮ ’ਤੇ ਸੀ। ਪਰਿਵਾਰਕ ਜ਼ਮੀਨ ਦੀ ਤਕਸੀਮ ਹੋਣ ਤੋਂ ਬਾਅਦ ਇਹ ਜ਼ਮੀਨ ਉਸਦੇ ਪਿਤਾ ਦੇ ਹਿੱਸੇ ਆਈ ਸੀ। ਸ਼ਿਕਾਇਤਕਰਤਾ ਅਨੁਸਾਰ ਜਦੋਂ ਵੀ ਉਸਦੇ ਪਿਤਾ ਕੇਸਰ ਸਿੰਘ ਆਪਣੀ ਜ਼ਮੀਨ ’ਤੇ ਜਾਂਦੇ ਸਨ ਤਾਂ ਕੁਝ ਰਿਸ਼ਤੇਦਾਰ ਉਨ੍ਹਾਂ ਨੂੰ ਰੋਕਦੇ ਅਤੇ ਤੰਗ-ਪਰੇਸ਼ਾਨ ਕਰਦੇ ਸਨ।
Publish Date: Tue, 11 Aug 2026 01:03 PM (IST)
Updated Date: Tue, 11 Aug 2026 01:14 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਜ਼ਮੀਨ ਦੀ ਤਕਸੀਮ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਧਮਕੀਆਂ ਤੋਂ ਤੰਗ ਆ ਕੇ ਇੱਕ ਵਿਅਕਤੀ ਵੱਲ਼ੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੇ ਪੁੱਤਰ ਦੇ ਬਿਆਨ ’ਤੇ ਪੁਲਿਸ ਨੇ ਤਿੰਨ ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ’ਚ ਡੇਹਲੋਂ ਦੇ ਵਾਸੀ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਮੋਟਰ ਵਾਲੀ ਜ਼ਮੀਨ ਉਸਦੇ ਸਕੇ ਤਾਏ ਹਾਕਮ ਸਿੰਘ ਦੇ ਨਾਮ ’ਤੇ ਸੀ। ਪਰਿਵਾਰਕ ਜ਼ਮੀਨ ਦੀ ਤਕਸੀਮ ਹੋਣ ਤੋਂ ਬਾਅਦ ਇਹ ਜ਼ਮੀਨ ਉਸਦੇ ਪਿਤਾ ਦੇ ਹਿੱਸੇ ਆਈ ਸੀ। ਸ਼ਿਕਾਇਤਕਰਤਾ ਅਨੁਸਾਰ ਜਦੋਂ ਵੀ ਉਸਦੇ ਪਿਤਾ ਕੇਸਰ ਸਿੰਘ ਆਪਣੀ ਜ਼ਮੀਨ ’ਤੇ ਜਾਂਦੇ ਸਨ ਤਾਂ ਕੁਝ ਰਿਸ਼ਤੇਦਾਰ ਉਨ੍ਹਾਂ ਨੂੰ ਰੋਕਦੇ ਅਤੇ ਤੰਗ-ਪਰੇਸ਼ਾਨ ਕਰਦੇ ਸਨ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸੇ ਗੱਲ ਨੂੰ ਲੈ ਕੇ ਉਸਦੇ ਪਿਤਾ ਕਾਫ਼ੀ ਪਰੇਸ਼ਾਨ ਰਹਿੰਦੇ ਸਨ। ਕੇਸਰ ਸਿੰਘ ਇੰਨੇ ਜ਼ਿਆਦਾ ਡਿਪਰੈਸ਼ਨ ’ਚ ਆ ਗਏ ਕਿ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਸੁਰਜੀਤ ਕੌਰ, ਬਿੱਕਰ ਸਿੰਘ ਅਤੇ ਚਰਨਜੀਤ ਸਿੰਘ, ਵਾਸੀ ਪਿੰਡ ਖਿਆਲੀ, ਮਹਿਲ ਕਲਾਂ, ਬਰਨਾਲਾ, ਖ਼ਿਲਾਫ਼ ਧਾਰਾ 108 ਅਤੇ 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਤਿੰਨ ਰਿਸ਼ਤੇਦਾਰਾਂ ਦੀ ਭੂਮਿਕਾ ਅਤੇ ਪੂਰੇ ਜ਼ਮੀਨੀ ਵਿਵਾਦ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ।