ਮਾਛੀਵਾੜਾ ’ਚ ਦੁਸਹਿਰੇ ਦੀਆਂ ਰੌਣਕਾਂ, ਰਾਵਣ ਦਹਿਨ ਦੇਖਣ ਲਈ ਜੁੜਿਆ ਵੱਡਾ ਇਕੱਠ ਮਾਛੀਵਾੜਾ ’ਚ ਦੁਸਹਿਰੇ ਦੀਆਂ ਰੌਣਕਾਂ, ਰਾਵਣ ਦਹਿਨ ਦੇਖਣ ਲਈ ਜੁੜਿਆ ਵੱਡਾ ਇਕੱਠ
Publish Date: Tue, 20 Oct 2026 09:11 PM (IST)
Updated Date: Tue, 20 Oct 2026 09:12 PM (IST)
ਕਰਮਜੀਤ ਸਿੰਘ ਆਜ਼ਾਦ/ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ਼੍ਰੀ ਮਾਛੀਵਾੜਾ ਸਾਹਿਬ : ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਾਛੀਵਾੜਾ ਸਾਹਿਬ ਵਿਖੇ ਉਤਸ਼ਾਹ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਵੱਲੋਂ ਸਥਾਨਕ ਦੁਸਹਿਰਾ ਮੈਦਾਨ ’ਚ ਮੇਲੇ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਅਤੇ ਲਛਮਣ ਜੀ ਦੇ ਸਵਰੂਪਾਂ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਦੁਸਹਿਰਾ ਮੈਦਾਨ ’ਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਸਥਾਪਿਤ ਕੀਤੇ ਗਏ ਸਨ। ਪੁਤਲਿਆਂ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਸ਼ਰਧਾਲੂਆਂ ਨੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ ਅਤੇ ਢੋਲ ਦੀ ਤਾਲ ’ਤੇ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸ਼ਾਮ ਸਮੇਂ ਰਾਵਣ ਦਹਿਨ ਦੀ ਰਸਮ ਦੌਰਾਨ ਹਨੂੰਮਾਨ ਜੀ ਦੇ ਸਵਰੂਪ ਵੱਲੋਂ ਪੁਤਲਿਆਂ ਨੂੰ ਅੱਗ ਲਗਾਈ ਗਈ। ਕੁਝ ਹੀ ਸਮੇਂ ਵਿਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਅੱਗ ਦੀਆਂ ਲਪਟਾਂ ’ਚ ਘਿਰ ਗਏ। ਇਸ ਮਨਮੋਹਕ ਦ੍ਰਿਸ਼ ਨੂੰ ਦੇਖਣ ਲਈ ਮੈਦਾਨ ’ਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਪੁਤਲਿਆਂ ਦੇ ਦਹਿਨ ਨਾਲ ਮੇਲੇ ਦਾ ਸਮਾਪਨ ਹੋਇਆ ਅਤੇ ਲੋਕਾਂ ਨੂੰ ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਭਾ ਦੇ ਚੇਅਰਮੈਨ ਮੋਹਿਤ ਕੁੰਦਰਾ ਅਤੇ ਪ੍ਰਧਾਨ ਅਸ਼ੋਕ ਸੂਦ ਨੇ ਮੇਲੇ ਵਿਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸੁਰਿੰਦਰ ਬਾਂਸਲ, ਭਾਜਪਾ ਆਗੂ ਸੰਜੀਵ ਲੀਹਲ, ਅਜੈ ਬਾਂਸਲ, ਠੇਕੇਦਾਰ ਰੋਕੀ ਬਾਂਸਲ ਅਤੇ ਮਾਧਵ ਲੁਧਿਆਣਾ ਤੋਂ ਇਲਾਵਾ ਪ੍ਰਬੰਧਕਾਂ ’ਚ ਪ੍ਰਮੋਦ ਜੈਨ, ਕ੍ਰਿਸ਼ਨ ਚੋਪੜਾ, ਡੀ.ਡੀ. ਵਰਮਾ, ਸੰਜੀਵ ਰਿੰਕਾ, ਚੇਤਨ ਕੁਮਾਰ, ਦੀਪਕ ਸੂਦ, ਸਨੀ ਸੂਦ, ਰਾਜਨ ਗੁਲਾਟੀ, ਬੋਬੀ ਸਚਦੇਵਾ, ਕ੍ਰਿਸ਼ਨ ਲਾਲ ਸਚਦੇਵਾ, ਜਗਜੀਤ ਮਹਿਰਾ, ਜਨਕ ਰਾਜ, ਪਵਨ ਬੱਤਰਾ, ਨੀਰਜ ਵਰਮਾ, ਵਿੱਕੀ ਕਪੂਰ, ਨਰੇਸ਼ ਖੇੜਾ, ਜਿੰਮੀ ਜੈਨ, ਭਾਰਤ ਜੈਨ, ਭੂਸ਼ਣ ਜੈਨ, ਦੀਪਕ ਕੁਮਾਰ, ਸੋਨੂੰ ਸਚਦੇਵਾ, ਬੱਬੂ ਜੁਨੇਜਾ ਅਤੇ ਰਿੰਕੂ ਕੁਮਾਰ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਮੇਲੇ ਦੌਰਾਨ ਸੁਰੱਖਿਆ ਅਤੇ ਆਵਾਜਾਈ ਦੇ ਸੁਚੱਜੇ ਪ੍ਰਬੰਧ ਕੀਤੇ ਗਏ। ਡੀ.ਐੱਸ.ਪੀ. (ਐੱਚ) ਗੱਬਰ ਸਿੰਘ, ਥਾਣਾ ਮੁਖੀ ਕਰਮਜੀਤ ਸਿੰਘ ਅਤੇ ਇੰਸਪੈਕਟਰ ਰਾਜਵੰਤ ਕੌਰ ਦੀ ਅਗਵਾਈ ਹੇਠ ਪੁਲਸ ਮੁਲਾਜ਼ਮ ਤਾਇਨਾਤ ਰਹੇ। ਉਨ੍ਹਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ।