ਸਿਹਤਮੰਦ ਦਿਲ ਹੀ ਸਿਹਤਮੰਦ ਜੀਵਨ ਦੀ ਨੀਂਹ ਹੈ : ਡਾ. ਹਰਵਿੰਦਰ ਸਿੰਘ ਸਿਹਤਮੰਦ ਦਿਲ ਹੀ ਸਿਹਤਮੰਦ ਜੀਵਨ ਦੀ ਨੀਂਹ ਹੈ : ਡਾ. ਹਰਵਿੰਦਰ ਸਿੰਘ
Publish Date: Tue, 29 Sep 2026 07:37 PM (IST)
Updated Date: Wed, 30 Sep 2026 04:07 AM (IST)
ਹੈਪੀ ਜੱਲਾ,ਪੰਜਾਬੀ ਜਾਗਰਣ ਪਾਇਲ : ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਐਸ.ਐਮ.ਓ ਪਾਇਲ ਡਾ. ਹਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਪਾਇਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਦਿਲ ਦਿਵਸ 29 ਸਤੰਬਰ ਨੂੰ ਮਨਾਇਆ ਗਿਆ | ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ, ਸਿਹਤਮੰਦ ਜੀਵਨਸ਼ੈਲੀ ਅਤੇ ਸਮੇਂ ਸਿਰ ਜਾਂਚ ਕਰਵਾਉਣ ਲਈ ਜਾਗਰੂਕ ਕਰਨਾ ਹੈ। ਡਾ. ਹਰਵਿੰਦਰ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣ, ਨਮਕ ਅਤੇ ਤਲੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਘਟਾਉਣ, ਤੰਬਾਕੂ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣ ਅਤੇ ਨਿਯਮਿਤ ਸਰੀਰਕ ਕਸਰਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ।ਮਾਹਿਰਾਂ ਅਨੁਸਾਰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵੱਧ ਕੋਲੇਸਟ੍ਰੋਲ, ਮੋਟਾਪਾ, ਸਿਗਰਟਨੋਸ਼ੀ, ਗੈਰ-ਸਿਹਤਮੰਦ ਖੁਰਾਕ ਅਤੇ ਸਰੀਰਕ ਸਰਗਰਮੀ ਦੀ ਘਾਟ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੇ ਹਨ। ਇਸ ਲਈ ਸਮੇਂ-ਸਮੇਂ ’ਤੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੇਸਟ੍ਰੋਲ ਦੀ ਜਾਂਚ ਕਰਵਾਉਣਾ ਮਹੱਤਵਪੂਰਨ ਹੈ। ਇਸ ਮੌਕੇ ਸਵਾਤੀ ਸਚਦੇਵਾ ਬਲੋਕ ਐਕਸਟੈਂਸ਼ਨ ਐਜੂਕੇਟਰ ਨੇ ਦੱਸਿਆ ਕਿ ਦਿਲ ਦੇ ਦੌਰੇ ਦੇ ਲੱਛਣਾਂ ਵਿੱਚ ਛਾਤੀ ਵਿੱਚ ਦਰਦ ਜਾਂ ਭਾਰ ਮਹਿਸੂਸ ਹੋਣਾ, ਸਾਹ ਲੈਣ ਵਿੱਚ ਤਕਲੀਫ਼, ਬਹੁਤ ਜ਼ਿਆਦਾ ਪਸੀਨਾ ਆਉਣਾ, ਮਤਲੀ, ਚੱਕਰ ਆਉਣਾ ਜਾਂ ਦਰਦ ਦਾ ਬਾਂਹ, ਮੋਢੇ, ਪਿੱਠ ਜਾਂ ਜਬੜੇ ਵੱਲ ਫੈਲਣਾ ਸ਼ਾਮਲ ਹੋ ਸਕਦਾ ਹੈ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਹਸਪਤਾਲ ’ਚ ਡਾਕਟਰੀ ਸਹਾਇਤਾ ਲਈ ਜਾਵੇ।