- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨ ਬਾਅਦ ਸਿਨੇਪੋਲਿਸ ਐੱਮਬੀਡੀ ’ਚ ਸਜੇਗੀ ਫਿਲਮੀ ਸਿਤਾਰਿਆਂ ਦੀ ਮਹਿਫ਼ਲ

-2 ਤੋਂ 4 ਅਕਤੂਬਰ ਤੱਕ ਹੋਣ ਵਾਲੇ ਜਾਗਰਣ ਫ਼ਿਲਮ ਫੈਸਟੀਵਲ ਲਈ ਲੋਕਾਂ ’ਚ ਉਤਸ਼ਾਹ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਲੁਧਿਆਣਾ ਦੇ ਸਿਨੇਪੋਲਿਸ ਐੱਮਬੀਡੀ ਵਿਖੇ ਦੇ ਜਾਗਰਣ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਸਿਨੇਮਾ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਾਗਰਣ ਫਿਲਮ ਫੈਸਟੀਵਲ ਦੀ ਉਡੀਕ ਹੁਣ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ। ਫਿਲਮੀ ਕਹਾਣੀਆਂ, ਮਨੋਰੰਜਨ ਤੇ ਸਿਨੇਮਾ ਨਾਲ ਜੁੜੇ ਵੱਖ-ਵੱਖ ਰੰਗਾਂ ਨਾਲ ਸਜਣ ਵਾਲੇ ਇਸ ਤਿੰਨ ਰੋਜ਼ਾ ਫੈਸਟੀਵਲ ਦੀ ਸ਼ੁਰੂਆਤ ’ਚ ਹੁਣ ਸਿਰਫ਼ ਦੋ ਦਿਨ ਬਾਕੀ ਹਨ। 2 ਅਕਤੂਬਰ ਤੋਂ ਸਿਨੇਪੋਲਿਸ ਐੱਮਬੀਡੀ ਵਿੱਚ ਸ਼ੁਰੂ ਹੋਣ ਵਾਲਾ ਫ਼ਿਲਮ ਫੈਸਟੀਵਲ 4 ਅਕਤੂਬਰ ਤੱਕ ਚੱਲੇਗਾ।
ਫੈਸਟੀਵਲ ਦੌਰਾਨ ਦਰਸ਼ਕਾਂ ਨੂੰ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਫਿਲਮਾਂ, ਸ਼ਾਰਟ ਫਿਲਮਾਂ ਤੇ ਡਾਕਿਊਮੈਂਟਰੀਆਂ ਵੱਡੇ ਪਰਦੇ ’ਤੇ ਦੇਖਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਸਿਨੇਮਾ ਤੇ ਫਿਲਮ ਨਿਰਮਾਣ ਨਾਲ ਜੁੜੇ ਸੈਸ਼ਨ ਵੀ ਕਰਵਾਏ ਜਾਣਗੇ। ਪਿਛਲੇ ਸਾਲ ਫੈਸਟੀਵਲ ਦਾ ਹਿੱਸਾ ਬਣੇ ਸ਼ਹਿਰ ਵਾਸੀਆਂ ਵਿੱਚ ਇਸ ਵਾਰ ਵੀ ਇਸ ਸਿਨੇਮਾਈ ਸਫ਼ਰ ਨੂੰ ਲੈ ਕੇ ਉਤਸੁਕਤਾ ਹੈ।
ਪਿਛਲੇ ਸਾਲ ਫੈਸਟੀਵਲ ਵਿੱਚ ਸ਼ਾਮਲ ਹੋਏ ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਤਜਰਬਾ ਸਿਰਫ਼ ਫਿਲਮਾਂ ਦੇਖਣ ਤੱਕ ਸੀਮਤ ਨਹੀਂ ਸੀ, ਸਗੋਂ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਦਾ ਵੀ ਮੌਕਾ ਮਿਲਿਆ। ਵੱਡੇ ਪਰਦੇ ’ਤੇ ਫਿਲਮ ਦੇਖਣ, ਦਰਸ਼ਕਾਂ ਵਿਚਕਾਰ ਬੈਠ ਕੇ ਕਹਾਣੀਆਂ ਨਾਲ ਜੁੜਨ ਅਤੇ ਸਿਨੇਮਾ ਪ੍ਰਤੀ ਸਾਂਝੀ ਦਿਲਚਸਪੀ ਨੇ ਫੈਸਟੀਵਲ ਨੂੰ ਵਿਸ਼ੇਸ਼ ਬਣਾਇਆ।
-ਬਾਕਸ-
-ਇਹ ਰਹੇਗਾ ਫ਼ਿਲਮਾਂ ਦਾ ਸ਼ਡਿਊਲ
2 ਅਕਤੂਬਰ : ਸ਼ਾਮ 5 ਵਜੇ ਪੰਜਾਬੀ ਫਿਲਮ ਪਿੰਡੀ ਦੇ ਗੁਰਚਰਨ ਦਿਖਾਈ ਜਾਵੇਗੀ। ਸ਼ਾਮ 7.15 ਵਜੇ ਸ਼ਾਰਟ ਫਿਲਮ ਸ਼ੋਕੇਸ ਵਿੱਚ ਏ ਵੇ, ਸਾਈਲੈਂਟ ਸੈਕਰਿਫਾਈਸ, ਸ਼ੈਡੋਜ਼ ਆਫ ਦ ਮੂਨਲਾਈਟ ਨਾਈਟ ਅਤੇ ਏ ਲਿਟਲ ਗੋਲਡ ਫਿਸ਼ ਦਿਖਾਈਆਂ ਜਾਣਗੀਆਂ। ਰਾਤ 8.30 ਵਜੇ ਭੋਜਪੁਰੀ ਫਿਲਮ ਬੌਧ ਦੀ ਸਕ੍ਰੀਨਿੰਗ ਹੋਵੇਗੀ।
3 ਅਕਤੂਬਰ : ਸਵੇਰੇ 9.45 ਵਜੇ ਜੂਨੀਅਰ ਚਿੜੀਆ ਦਿਖਾਈ ਜਾਵੇਗੀ। ਦੁਪਹਿਰ 12 ਵਜੇ ਸ਼ਾਰਟ ਫਿਲਮ ਸ਼ੋਕੇਸ ਵਿਚ ਕੇਸਿਕ ਕੁਲਕ (ਦ ਕੱਟ ਈਅਰ), ਦਿਨ ਤੇ ਰਾਤ ਅਤੇ ਅਵਗੁੰਠਨ ਦੀ ਸਕ੍ਰੀਨਿੰਗ ਹੋਵੇਗੀ। ਦੁਪਹਿਰੇ 1.45 ਵਜੇ ਮੈਕ ਸੈਸ਼ਨ, 2.30 ਵਜੇ ਫਿਲਮ ਬਹਾਦੁਰ, ਸ਼ਾਮ 6 ਵਜੇ ਸਰਹੱਦ ਸਪੈਸ਼ਲ ਸਕ੍ਰੀਨਿੰਗ ਮੈਂ ਵਾਪਸ ਆਵਾਂਗਾ ਤੇ ਰਾਤ 9 ਵਜੇ ਮਾਈ ਟਰਨ ਦਿਖਾਈ ਜਾਵੇਗੀ।
4 ਅਕਤੂਬਰ : ਸਵੇਰੇ 9.30 ਵਜੇ ਡਿਸਪੈਚਿਸ ਫ੍ਰਾਮ ਦ ਵਾਲ ਕਾਰਨਰ ਅਤੇ ਫਾਈਂਡਿੰਗ ਗ੍ਰੈਂਡ ਪਾ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਹੋਵੇਗੀ। ਸਵੇਰੇ 11.15 ਵਜੇ ਦ ਮਿਡਨਾਈਟ ਥੈਰੇਪਿਸਟ, ਦ ਐਂਡਲੈੱਸ ਸਕਾਲਰ, ਸਾਈਲੈਂਸ ਆਫ ਸੈਕਰਡ ਲੈਂਡ ਅਤੇ ਦ ਲਾਸਟ ਬ੍ਰੀਥ ਦਿਖਾਈਆਂ ਜਾਣਗੀਆਂ। ਦੁਪਹਿਰ 12.30 ਵਜੇ ਹਨੂੰਮਾਨ ਅੰਸ਼ ਦੀ ਸਕ੍ਰੀਨਿੰਗ ਹੋਵੇਗੀ। ਦੁਪਹਿਰ 3.15 ਵਜੇ ਅਦਾਕਾਰਾ ਸ਼ਰਨ ਕੌਰ ਨਾਲ ਵਾਰਤਾਲਾਪ ਸੈਸ਼ਨ ਅਤੇ ਸ਼ਾਮ 4.15 ਵਜੇ ਏਆਈ ’ਤੇ ਐਰੀਨਾ ਐਨੀਮੇਸ਼ਨ ਵੱਲੋਂ ਸੈਸ਼ਨ ਕਰਵਾਇਆ ਜਾਵੇਗਾ। ਸ਼ਾਮ 6.15 ਵਜੇ ਅਨੁਰਾਗ ਤੇ ਰਾਤ 8.30 ਵਜੇ ਪਾਤਕੀ ਦੀ ਸਕ੍ਰੀਨਿੰਗ ਨਾਲ ਫੈਸਟੀਵਲ ਦੀ ਸਮਾਪਤੀ ਹੋਵੇਗੀ।