ਭਗਤ ਪੂਰਨ ਸਿੰਘ ਮਾਰਗ ’ਤੇ ਲੱਗੀ ਫੈਕਟਰੀ ਸ਼ਰੇਆਮ ਵੰਡਦੀ ਪ੍ਰਦੂਸ਼ਣ ਭਗਤ ਪੂਰਨ ਸਿੰਘ ਮਾਰਗ ’ਤੇ ਲੱਗੀ ਫੈਕਟਰੀ ਸ਼ਰੇਆਮ ਵੰਡਦੀ ਪ੍ਰਦੂਸ਼ਣ
Publish Date: Tue, 14 Jul 2026 09:27 PM (IST)
Updated Date: Wed, 15 Jul 2026 04:13 AM (IST)
ਫੈਕਟਰੀ ’ਚ ਦਿਨ ਦਿਹਾੜੇ ਸਾੜੇ ਜਾਂਦੇ ਟਾਇਰ 9 ਜੁਲਾਈ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ, ਡੀਸੀ ਤੇ ਐੱਸਡੀਐੱਮ ਨੂੰ ਦਿੱਤੀ ਲਿਖਤੀ ਸ਼ਿਕਾਇਤ 12 ਜੁਲਾਈ ਨੂੰ ਨਿਕਲਦਾ ਰਿਹਾ ਧੂੰਆਂ ਪ੍ਰਦੂਸ਼ਣ ਵਿਭਾਗ ਤੇ ਪ੍ਰਸਾਸ਼ਨ ਵੀ ਕੁੰਭਕਰਨੀ ਨੀਂਦ ਸੁੱਤਾ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪਿੰਗਲਵਾੜੇ ਸੰਸਥਾਂ ਦੇ ਬਾਨੀ ਭਗਤ ਪੂਰਨ ਸਿੰਘ ਵੱਲੋਂ ਲੋਕਾਂ ਨੂੰ ਵਾਤਵਰਣ ਨੂੰ ਬਚਾਉਣ ਦਾ ਕਈ ਦਹਾਕੇ ਪਹਿਲਾਂ ਦਿੱਤੇ ਸੰਦੇਸ਼ ’ਤੇ ਕੁਝ ਫੈਕਟਰੀਆਂ ਵਾਲੇ ਅਮਲ ਨਹੀਂ ਕਰ ਰਹੇ ਤੇ ਪ੍ਰਦੂਸ਼ਣ ਵਿਭਾਗ ਤੇ ਪ੍ਰਸਾਸ਼ਨ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਿਸ ਕਰ ਕੇ ਹੀ ਭਗਤ ਪੂਰਨ ਸਿੰਘ ਮਾਰਗ ’ਤੇ ਸਥਿਤ ਪਿੰਡ ਨਰੈਣਗੜ੍ਹ ਵਿਖੇ ਟਾਇਰ ਸਾੜਨ ਵਾਲੀ ਫੈਕਟਰੀ ਸ਼ਰੇਆਮ ਦਿਨ-ਦਿਹਾੜੇ ਵਾਤਾਵਰਣ ਪ੍ਰਦੂਸ਼ਿਤ ਕਰਦੀ ਨਜ਼ਰ ਆ ਰਹੀ ਹੈ। ਸ਼ਿਕਾਇਤਾਂ ’ਤੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਇਲਾਕੇ ਦੇ ਜਗਰੂਕ ਲੋਕਾਂ ਵੱਲੋਂ ਭਗਤ ਪੂਰਨ ਸਿੰਘ ਮਾਰਗ ’ਤੇ ਲੱਗੀ ਏਸ਼ੀਅਨ ਹਾਈ-ਟੈੱਕ ਇੰਟਰਨੈਸ਼ਨਲ ਫੈਕਟਰੀ ਖ਼ਿਲਾਫ਼ ਪ੍ਰਦੂਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਗਿਆ ਹੈ। ਪਿੰਡ ਨਰੈਣਗੜ੍ਹ ਤੋਂ ਮਨਪ੍ਰੀਤ ਸਿੰਘ, ਰਾਮ ਚੰਦ ਸਿੰਘ, ਪਿੰਡ ਰਤਨਪਾਲੋਂ ਤੋਂ ਗੁਰਤੇਜ ਸਿੰਘ ਤੇ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ 9 ਜੁਲਾਈ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ, ਡਿਪਟੀ ਕਮਿਸ਼ਨਰ ਲੁਧਿਆਣਾ ਤੇ ਐੱਸਡੀਐੱਮ ਖੰਨਾ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਫੈਕਟਰੀ ’ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। 12 ਜੁਲਾਈ ਨੂੰ ਵੀ ਫੈਕਟਰੀ ’ਚ ਕਥਿਤ ਤੌਰ ਤੇ ਦਿਨ-ਦਿਹਾੜੇ ਟਾਇਰਾਂ ਦੇ ਸਾੜਨ ਕਰ ਕੇ ਦੌਰਾਨ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਕਾਰਨ ਇਲਾਕੇ ’ਚ ਹਵਾ ਪ੍ਰਦੂਸ਼ਣ ਤੇ ਜ਼ਹਿਰਲੀਆਂ ਗੈਸਾਂ ਨੂੰ ਲੈ ਕੇ ਲੋਕਾਂ ਦੀ ਚਿੰਤਾ ਹੋਰ ਵਧ ਗਈ। ਉਨ੍ਹਾਂ ਦੋਸ਼ ਲਾਇਆ ਕਿ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਮੌਕੇ ’ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਵਿਭਾਗ ਦੇ ਅਧਿਕਾਰੀ ਪਤਾ ਨਹੀਂ ਕਿਉਂ ਖਾਮੋਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ, ਖ਼ਾਸ ਕਰ ਕੇ ਬੱਚਿਆਂ, ਬਜ਼ੁਰਗਾਂ ਅਤੇ ਪਸ਼ੂ-ਪੰਛੀਆਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਨਾਲ ਹੀ ਫੈਕਟਰੀ ’ਚੋਂ ਨਿਕਲਣ ਵਾਲੇ ਕੈਮੀਕਲ ਯੁਕਤ ਪਾਣੀ ਦੇ ਨਿਕਾਸ ਨਾਲ ਵੀ ਗੰਭੀਰ ਸਮੱਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਫੈਕਟਰੀ ’ਚੋਂ ਬਹੁਤ ਤੇਜ਼ ਬਦਬੂ ਫੈਲਣ ਕਾਰਨ ਜਿੱਥੇ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਆਉਂਦੀ ਹੈ, ਉੱਥੇ ਹੀ ਨੇੜਲੇ ਖੇਤਾਂ ਦੀਆਂ ਫ਼ਸਲਾਂ ਤੇ ਦਰੱਖਤਾਂ ਨੂੰ ਨੁਕਸਾਨ ਪਹੁੰਚਦਾ ਹੈ। ਪਿੰਡ ਰੋਹਣੋ ਦੇ ਸਮਾਜ ਸੇਵੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਤੇ ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਨੇ ਨੈਸ਼ਨਲ ਗਰੀਨ ਟ੍ਰਿਬੀਊਨਲ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਹੈ। ਉਕਤ ਦਫ਼ਤਰਾਂ ਨੇ ਇਸ ਨੂੰ ਜਾਂਚ ਤੇ ਰਿਪੋਰਟ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿੱਤਾ ਹੈ ਪਰ ਹਾਲੇ ਤੱਕ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਇਹ ਇਲਾਕੇ ’ਚ ਭਗਤ ਪੂਰਨ ਸਿੰਘ ਦਾ ਇਲਾਕਾ ਹੋਣ ਦਾ ਮਾਣ ਹੈ। ਭਗਤ ਪੂਰਨ ਸਿੰਘ ਵੱਲੋਂ ਧਰਤੀ ਤੇ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ ਗਿਆ ਪਰ ਕੋਈ ਅਮਲ ਨਹੀਂ ਹੋ ਰਿਹਾ। ਇਹ ਇਲਾਕਾ ਪ੍ਰਦੂਸ਼ਣ ਕਰ ਕੇ ਬਿਮਾਰੀਆਂ ਦਾ ਘਰ ਬਣ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਈ ਜਾਵੇ, ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਵਾਤਾਵਰਣ ਸੁਰੱਖਿਆ ਕਾਨੂੰਨਾਂ ਅਧੀਨ ਸਖ਼ਤ ਕਾਰਵਾਈ ਕਰਦਿਆਂ ਫੈਕਟਰੀ ਮਾਲਕਾਂ ’ਤੇ ਕਾਰਵਾਈ ਹੋਵੇ। ਪ੍ਰਦੂਸ਼ਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮੋਹਿਤ ਸਿੰਗਲਾ ਨੇ ਕਿਹਾ ਕਿ ਫੈਕਟਰੀ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ। ਵਿਭਾਗ ਜਾਂਚ ਕਰ ਰਿਹਾ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਤੱਥਾਂ ਦੇ ਆਧਾਰ ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।