ਬਿਜਲੀ ਵਿਭਾਗ ਦੇ ਸੀਐੱਮਡੀ ਨੂੰ ਮਿਲਿਆ ਉਦਯੋਗਪਤੀਆਂ ਦਾ ਵਫ਼ਦ ਉਦਯੋਗਪਤੀਆਂ ਦੇ ਵਫ਼ਦ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਸੀਐਮਡੀ ਨਾਲ ਕੀਤੀ ਮੁਲਾਕਾਤ
Publish Date: Sat, 08 Aug 2026 06:54 PM (IST)
Updated Date: Sun, 09 Aug 2026 04:05 AM (IST)
- ਦਰਪੇਸ਼ ਮੁਸ਼ਕਲਾਂ ਬਾਰੇ ਸੀਐੱਮਡੀ ਨੂੰ ਮੰਗ ਪੱਤਰ ਸੌਂਪਿਆ ਫ਼ੋਟੋ ਨੰਬਰ-2 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਇਕ ਵਫ਼ਦ ਨੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਡਾ. ਬਸੰਤ ਗਰਗ ਸੀਐੱਮਡੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨਾਲ ਮੁਲਾਕਾਤ ਕੀਤੀ ਤੇ ਲੁਧਿਆਣਾ ਦੇ ਉਦਯੋਗਿਕ ਖੇਤਰਾਂ ਨੂੰ ਦਰਪੇਸ਼ ਬਿਜਲੀ ਸਬੰਧੀ ਮੁੱਖ ਸਮੱਸਿਆਵਾਂ ਬਾਰੇ ਇੱਕ ਮੰਗ ਪੱਤਰ ਸੌਂਪਿਆ। ਮੀਟਿੰਗ ਦੌਰਾਨ ਜਗਦੇਵ ਸਿੰਘ ਹਾਂਸ ਚੀਫ਼ ਇੰਜੀਨੀਅਰ ਕੇਂਦਰੀ ਜ਼ੋਨ, ਸੁਰਜੀਤ ਸਿੰਘ ਡਿਪਟੀ ਚੀਫ਼ ਇੰਜੀਨੀਅਰ ਪੱਛਮੀ ਤੇ ਕੁਲਵਿੰਦਰ ਸਿੰਘ ਡਿਪਟੀ ਚੀਫ਼ ਇੰਜੀਨੀਅਰ ਪੂਰਬੀ ਵੀ ਮੌਜੂਦ ਸਨ। ਵਫ਼ਦ ’ਚ ਰਾਜੀਵ ਜੈਨ, ਅਵਤਾਰ ਸਿੰਘ ਭੋਗਲ, ਸਤਨਾਮ ਸਿੰਘ ਮੱਕੜ, ਇੰਦਰਜੀਤ ਸਿੰਘ ਨਿਊਯੁਗ, ਗਗਨੀਸ਼ ਸਿੰਘ ਖੁਰਾਣਾ, ਕੇਕੇ ਗਰਗ, ਸੰਦੀਪ ਜੈਨ, ਕੁਲਵੰਤ ਸਿੰਘ ਐਨਕੇਐਚ, ਰਾਕੇਸ਼ ਗਰਗ, ਐਸਪੀ ਸਿੰਘ ਦੁਆ ਅਤੇ ਰਾਹੁਲ ਆਹੂਜਾ ਸ਼ਾਮਲ ਸਨ। ਕੁਲਾਰ ਨੇ ਕਿਹਾ ਕਿ ਬਿਜਲੀ ਉਦਯੋਗ ਲਈ ਇੱਕ ਮੁੱਖ ਕੱਚਾ ਮਾਲ ਹੈ ਅਤੇ ਨਿਰਵਿਘਨ ਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਉਤਪਾਦਨ ਤੇ ਉਦਯੋਗ ਦੀ ਮੁਕਾਬਲੇਬਾਜ਼ੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਉਦਯੋਗਿਕ ਖੇਤਰਾਂ ਤੇ ਫੋਕਲ ਪੁਆਇੰਟਾਂ ਵਿੱਚ 24×7 ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਅਣਸੂਚਿਤ ਬਿਜਲੀ ਕੱਟ ਬੰਦ ਕੀਤੇ ਜਾਣ। ਮੁਰੰਮਤ ਦਾ ਕੰਮ ਸੰਭਵ ਹੋਵੇ ਤਾਂ ਐਤਵਾਰ ਨੂੰ ਕੀਤਾ ਜਾਵੇ ਅਤੇ ਘੱਟੋ-ਘੱਟ ਦੋ ਦਿਨ ਪਹਿਲਾਂ ਉਦਯੋਗਾਂ ਨੂੰ ਸੂਚਿਤ ਕੀਤਾ ਜਾਵੇ। ਕੁਲਾਰ ਨੇ ਕਿਹਾ ਕਿ ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਵੋਲਟੇਜ ਦੇ ਉਤਾਰ-ਚੜ੍ਹਾਅ ਨੂੰ ਕੰਟਰੋਲ ਕੀਤਾ ਜਾਵੇ, ਤਾਂ ਜੋ ਉਦਯੋਗਿਕ ਮਸ਼ੀਨਰੀ ਨੂੰ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਉਦਯੋਗਿਕ ਇਕਾਈਆਂ ਲਈ ਜੀਓ ਸਵਿੱਚ ਬਹਾਲ ਕੀਤੇ ਜਾਣ, ਤਾਂ ਜੋ ਮਸ਼ੀਨਰੀ ਤੇ ਟਰਾਂਸਫਾਰਮਰਾਂ ਦੀ ਸੁਰੱਖਿਆ ਹੋ ਸਕੇ ਅਤੇ ਨਾਲ ਲੱਗਦੀਆਂ ਇਕਾਈਆਂ ਦੀ ਟ੍ਰਿਪਿੰਗ ਘੱਟ ਹੋਵੇ। ਉਨ੍ਹਾਂ ਕਿਹਾ ਕਿ ਜਿੱਥੇ ਮੀਟਰ ਰੀਡਿੰਗ ਉਪਲਬਧ ਹੋਵੇ, ਉੱਥੇ ਔਸਤ ਬਿੱਲਾਂ ਦੀ ਬਜਾਏ ਅਸਲ ਬਿਜਲੀ ਬਿੱਲ ਜਾਰੀ ਕੀਤੇ ਜਾਣ,ਆਫ਼-ਪੀਕ ਸਮੇਂ ਦੌਰਾਨ ਉਦਯੋਗਾਂ ਨੂੰ ਬਿਜਲੀ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ 2.50 ਪ੍ਰਤੀ ਯੂਨਿਟ ਨਾਈਟ ਟੈਰਿਫ਼ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਦਯੋਗਿਕ ਪਾਵਰ ਕੈਟਾਗਰੀਆਂ ਵਿੱਚ ਸੋਧ ਕੀਤੀ ਜਾਵੇ,ਬਿਜਲੀ ਦੇ ਫਾਲਟ ਤੇ ਬ੍ਰੇਕਡਾਊਨ ਨੂੰ ਜਲਦੀ ਠੀਕ ਕਰਨ ਲਈ ਪਾਵਰਕਾਮ ਵਿੱਚ ਲੋੜੀਂਦਾ ਸਟਾਫ਼ ਮੁਹੱਈਆ ਕਰਵਾਇਆ ਜਾਵੇ,ਚੱਲ ਰਹੀਆਂ ਉਦਯੋਗਿਕ ਇਕਾਈਆਂ ਉੱਤੇ ਫਿਕਸਡ ਚਾਰਜ ਖਤਮ ਕੀਤੇ ਜਾਣ ਅਤੇ ਟੂ-ਪਾਰਟ ਟੈਰਿਫ਼ ਦੀ ਸਮੀਖਿਆ ਕੀਤੀ ਜਾਵੇ, ਉਦਯੋਗਿਕ ਫੀਡਰਾਂ ਉੱਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਦੇ ਨਾਈਟ ਬਲੈਕਆਉਟ ਵਾਪਸ ਲਏ ਜਾਣ, ਕਿਉਂਕਿ ਇਸ ਨਾਲ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਦਯੋਗਿਕ ਖੇਤਰਾਂ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਵੱਧ ਰਹੀਆਂ ਹਨ। ਕੁਲਾਰ ਨੇ ਕਿਹਾ ਕਿ ਖਾਸ ਕਰਕੇ ਮਿਕਸ ਲੈਂਡ ਯੂਜ਼ ਖੇਤਰਾਂ ਵਿੱਚ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਜਾਵੇ ਅਤੇ ਬਿਹਤਰ ਲੋਡ ਮੈਨੇਜਮੈਂਟ ਕੀਤਾ ਜਾਵੇ। ਡਾ. ਬਸੰਤ ਗਰਗ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਠਾਏ ਗਏ ਮੁੱਦਿਆਂ ਦੀ ਜਾਂਚ ਕਰਕੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।