ਮੰਗਾਂ ਨੂੰ ਲੈਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ ਭਾਵਾਧਸ ਦਾ ਵਫਦ
ਚੌਧਰੀ ਯਸ਼ਪਾਲ ਦੀ ਅਗਵਾਈ ’ਚ ਮੰਗਾਂ ਨੂੰ ਲੈਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ ਭਾਵਾਧਸ ਦਾ ਵਫਦ
Publish Date: Tue, 24 Mar 2026 10:21 PM (IST)
Updated Date: Wed, 25 Mar 2026 04:11 AM (IST)

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਦੀ ਅਗਵਾਈ ਹੇਠ ਪ੍ਰਧਾਨ ਵਿੱਕੀ ਸਹੋਤਾ ਅਤੇ ਅਰੁਣ ਸਿੱਧੂ ਸ਼ਾਂਤੀ ਦੂਤ ਭਗਵਾਨ ਵਾਲਮੀਕੀ ਲਾਇਬ੍ਰੇਰੀ ਖੋਜ ਕੇਂਦਰ ਅਧਾਰਿਤ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੁਲਾਕਾਤ ਕਰਕੇ ਸਮਾਜ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਚੌਧਰੀ ਯਸ਼ਪਾਲ ਨੇ ਲੁਧਿਆਣਾ ਵਿਖੇ ਪਹੁੰਚਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਲਮੀਕੀ ਸਮਾਜ ਦੇ ਉਤਥਾਨ ਅਤੇ ਪੰਜਾਬ ਰਾਜ ਵਿੱਚ ਵਰਤਮਾਨ ਸਮੇਂ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਵਿਦਿਆ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਵਾਲਮੀਕੀ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਵਫਦ ਨੇ ਉਨ੍ਹਾਂ ਕੋਲ ਪੰਜਾਬ ਅਤੇ ਭਾਰਤ ਸਰਕਾਰ ਦੇ ਸਫਾਈ ਕਮਿਸ਼ਨ ਅਤੇ ਐਸ ਸੀ ਕਮਿਸ਼ਨ ਨੂੰ ਵੱਧ ਅਧਿਕਾਰ ਅਤੇ ਸੁਤੰਤਰਤਾ ਦੇ ਕੇ ਦਲਿਤਾਂ ਅਤੇ ਸਫਾਈ ਕਰਮਚਾਰੀਆਂ ਦੇ ਹੱਕ ਮਜ਼ਬੂਤ ਕਰਨ ਦੀ ਮੁੱਖ ਮੰਗ ਰੱਖੀ। ਇਸ ਤੋਂ ਇਲਾਵਾ ਸੌਸ਼ਲ ਪਲੇਟਫਾਰਮਾਂ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਛਵੀ ਨੂੰ ਖ਼ਰਾਬ ਕਰਨ ਵਾਲੀਆਂ ਸਾਰੀਆਂ ਵੀਡੀਓਆਂ ਅਤੇ ਸਾਈਟਾਂ ਨੂੰ ਸਥਾਈ ਤੌਰ ਤੇ ਬੈਨ ਕਰਨ ਅਤੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਭਾਰਤ ਸਰਕਾਰ ਦੀ ਸਕਾਲਰਸ਼ਿਪ ਲਈ ਸਾਲਾਨਾ ਆਮਦਨ ਸੀਮਾ 2.50 ਲੱਖ ਤੋਂ ਵਧਾ ਕੇ 8 ਲੱਖ ਰੁਪਏ ਤੱਕ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਫਦ ਨੇ ਮੁੱਖ ਮੰਤਰੀ ਸੈਣੀ ਤੋਂ ਕੇਂਦਰ ਅਤੇ ਰਾਜਾਂ ਵਿੱਚ ਭਾਜਪਾ ਅਤੇ ਐਨਡੀਏ ਸਰਕਾਰਾਂ ਵਿੱਚ ਵਾਲਮੀਕੀ ਸਮਾਜ ਦੇ ਲੋਕਾਂ ਨੂੰ ਵੱਧ ਜ਼ਿੰਮੇਵਾਰੀਆਂ ਦੇਣ ਦੀ ਮੰਗ ਵੀ ਕੀਤੀ। ਨਾਲ ਹੀ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਾਲਮੀਕੀ ਸਮਾਜ ਦੇ ਹੱਕ ਵਿੱਚ ਆਏ 12 ਫੀਸਦੀ ਰਿਜ਼ਰਵੇਸ਼ਨ ਅਤੇ ਕ੍ਰੀਮੀ ਲੇਅਰ ਨਾਲ ਸੰਬੰਧਿਤ ਫੈਸਲੇ ਨੂੰ ਹਰਿਆਣਾ ਵਿੱਚ ਲਾਗੂ ਕਰਨ ਲਈ ਮੰਗ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸਮਾਜ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ 2027 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਵਾਲਮੀਕੀ ਸਮਾਜ ਦੇ ਵਫਾਦਾਰ ਵਰਕਰਾਂ ਨੂੰ ਸਰਕਾਰ ਵਿੱਚ ਪੂਰਾ ਮਾਨ ਸਨਮਾਨ ਅਤੇ ਮਹੱਤਵਪੂਰਨ ਆਹੁਦੇ ਦਿੱਤੇ ਜਾਣਗੇ ਇਸ ਮੌਕੇ ਤੇ ਨਾਇਬ ਸੈਣੀ ਨੂੰ ਫੁੱਲਾਂ ਦਾ ਗੁਲਦਸਤਾ, ਦੁਸ਼ਾਲਾ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।