- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨਗਰ 'ਚ ਸੜਕ ਧੱਸਣ ਨਾਲ ਪਿਆ 20 ਫੁੱਟ ਡੂੰਘਾ ਟੋਇਆ, ਨਿਗਮ ਪ੍ਰਸ਼ਾਸਨ ਨੇ ਬਚਾਅ ਕਾਰਜ ਤੇਜ਼

-ਨੇੜਲੇ ਘਰਾਂ ਦੀ ਸੁਰੱਖਿਆ 'ਤੇ ਉੱਠੇ ਸਵਾਲ, ਜ਼ਮੀਨਦੋਜ਼ ਕੇਬਲਾਂ ਵਿਛਾਉਣ ਦੌਰਾਨ ਲਾਪਰਵਾਹੀ ਦਾ ਸ਼ੱਕ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਦੇ ਪਾਸ਼ ਇਲਾਕੇ ਕਿਚਲੂ ਨਗਰ ਵਿੱਚ ਵੀਰਵਾਰ ਸਵੇਰੇ ਨੂੰ ਮੁੱਖ ਸੜਕ ਅਚਾਨਕ ਧੱਸ ਜਾਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਕਮਿਸ਼ਨਰ ਅਲੰਕਾਰ, ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਤੋਂ ਇਲਾਵਾ ਨਿਗਮ ਦੇ ਆਲਾ ਅਧਿਕਾਰੀਆਂ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ ਸੱਤ ਵਜੇ ਟਰੈਕਟਰ-ਟਰਾਲੀ ਇੱਟਾਂ ਲੈ ਕੇ ਜਾ ਰਹੀ ਸੀ, ਕਿ ਟਰਾਲੀ ਦਾ ਇੱਕ ਪਹੀਆ ਸੜਕ ਵਿੱਚ ਧੱਸ ਗਿਆ। ਜਿਸ ਨੂੰ ਡਰਾਈਵਰ ਨੇ ਕਿਸੇ ਤਰ੍ਹਾਂ ਵਾਹਨ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ, ਪਰ ਕੁਝ ਹੀ ਮਿੰਟਾਂ ਵਿੱਚ ਸੜਕ ਤੇਜ਼ੀ ਨਾਲ ਧੱਸਣ ਲੱਗੀ 'ਤੇ ਕਰੀਬ 20 ਫੁੱਟ ਡੂੰਘਾ ਅਤੇ 30 ਫੁੱਟ ਲੰਬਾ ਟੋਆ ਪੈ ਗਿਆ। ਹਾਦਸੇ ਕਾਰਨ ਨੇੜਲੇ ਘਰਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਗਈ। ਜਿਸ ਤੋਂ ਬਾਅਦ ਡੀਐੱਮਸੀ ਹਸਪਤਾਲ ਨੂੰ ਜਾਣ ਵਾਲੀ ਮੁੱਖ ਸੜਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਨਿਗਮ ਤੇ ਟ੍ਰੈਫ਼ਿਕ ਪੁਲਿਸ ਦੇ ਜੋਨ 8 ਦੇ ਇੰਚਾਰਜ ਵਿਸ਼ਇੰਦਰ ਸਿੰਘ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸਾਵਧਾਨੀ ਵਜੋਂ ਪ੍ਰਭਾਵਿਤ 67 ਬੀ ਘਰ ਦੇ ਨਿਵਾਸੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਨਿਗਮ ਵੱਲੋਂ ਘਰ ਨੂੰ ਸੁਰੱਖਿਅਤ ਰੱਖਣ ਲਈ ਆਰਸੀਸੀ ਸਹਾਇਤਾ ਨਾਲ ਬਚਾਅ ਦੇ ਕੰਮ ਸ਼ੁਰੂ ਕਰ ਦਿੱਤੇ ਹਨ। ਸੜਕ ਧੱਸਣ ਨਾਲ ਹੇਠਾਂ ਲੰਘ ਰਹੀ ਸੀਵਰੇਜ ਪਾਈਪਲਾਈਨ ਵੀ ਟੁੱਟ ਗਈ, ਜਿਸ ਕਾਰਨ ਪਾਣੀ ਦਾ ਤੇਜ਼ ਵਹਾਅ ਸ਼ੁਰੂ ਹੋ ਗਿਆ। ਟੋਆ ਹੋਰ ਫੈਲਣ ਦੇ ਖ਼ਤਰੇ ਨੂੰ ਦੇਖਦੇ ਹੋਏ ਪੂਰੇ ਇਲਾਕੇ ਨੂੰ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਹੈ। ਸੀਨੀਅਰ ਅਧਿਕਾਰੀਆਂ ਦੀ ਜਾਂਚ ਰਿਪੋਰਟ ਤੋਂ ਬਾਅਦ ਜ਼ਿੰਮੇਵਾਰ ਧਿਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਨੇ ਲੋਕਾਂ ਨੂੰ ਕਿਚਲੂ ਨਗਰ ਤੋਂ ਡੀਐੱਮਸੀ ਰੋਡ ਜਾਣ ਲਈ ਦੂਜੇ ਰਸਤੇ ਅਪਣਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਅਨੁਸਾਰ ਸੜਕ ਦੀ ਮੁਰੰਮਤ, ਟੋਆ ਭਰਨ ਤੇ ਆਵਾਜਾਈ ਮੁੜ ਬਹਾਲ ਕਰਨ ਵਿੱਚ ਕਰੀਬ 10 ਦਿਨ ਦਾ ਸਮਾਂ ਲੱਗ ਸਕਦਾ ਹੈ।
-ਭੂਮੀਗਤ ਕੇਬਲਾਂ ਤੇ ਹੋਰ ਲਾਈਨਾਂ ਵਿਛਾਉਣ ਵਾਲੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਦੀ ਹੋਵੇ ਜਾਂਚ
ਕਿਚਲੂ ਨਗਰ ਦੇ 67 ਬੀ ਬਲਾਕ ਜਿਸ ਘਰ ਦੇ ਸਾਹਮਣੇ ਸੜਕ ਧੱਸੀ, ਘਰ ਦੇ ਮਾਲਕ ਕਮਲ ਸਿੰਘਾਨੀਆ ਨੇ ਦੱਸਿਆ ਕਿ ਅੱਜ ਤੋਂ ਤਿੰਨ ਚਾਰ ਦਿਨ ਪਹਿਲਾ ਵੀ ਛੋਟਾ ਜਿਹਾ ਟੋਇਆ ਪਿਆ ਸੀ, ਜਿਸ ਨੂੰ ਨਿਗਮ ਨੇ ਪੂਰਾ ਕਰ ਦਿੱਤਾ ਸੀ, ਪਰ ਅੱਜ ਸਵੇਰੇ ਇੱਕ ਟਰੈਕਟਰ-ਟਰਾਲੀ ਉਨ੍ਹਾਂ ਦੇ ਘਰ ਦੇ ਬਾਹਰੋਂ ਲੰਘ ਰਹੀ ਸੀ। ਅਚਾਨਕ ਟਰਾਲੀ ਦਾ ਇੱਕ ਪਹੀਆ ਸੜਕ ਵਿੱਚ ਧੱਸ ਗਿਆ। ਡਰਾਈਵਰ ਨੇ ਕਿਸੇ ਤਰ੍ਹਾਂ ਵਾਹਨ ਨੂੰ ਬਾਹਰ ਕੱਢ ਲਿਆ ਪਰ ਕੁਝ ਹੀ ਮਿੰਟਾਂ ਵਿੱਚ ਸੜਕ ਤੇਜ਼ੀ ਨਾਲ ਧੱਸਣ ਲੱਗੀ। ਜਿਸ ਨਾਲ ਪਰਿਵਾਰ ਸਹਿਮ ਗਿਆ। ਸਾਰੇ ਮੈਂਬਰ ਤੁਰੰਤ ਘਰ ਤੋਂ ਬਾਹਰ ਨਿਕਲੇ ਅਤੇ ਨਗਰ ਨਿਗਮ ਤੇ ਪੁਲਿਸ ਨੂੰ ਸੂਚਨਾ ਦਿੱਤੀ। ਮਕਾਨ ਦੇ ਮਾਲਕ ਕਮਲ ਸਿੰਘਾਨੀਆ ਨੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭੂਮੀਗਤ ਕੇਬਲਾਂ ਤੇ ਹਾਦਸੇ ਕਾਰਨ ਨੇੜਲੇ ਘਰਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਗਈ। ਹੋਰ ਲਾਈਨਾਂ ਵਿਛਾਉਣ ਵਾਲੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲਾਪਰਵਾਹੀ ਹੋਈ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਅੱਜ ਉਨ੍ਹਾਂ ਦਾ ਪੂਰਾ ਘਰ ਖ਼ਤਰੇ ਵਿੱਚ ਆ ਗਿਆ ਹੈ।
-ਕੇਬਲਾਂ ਵਿਛਾਉਣ ਸਮੇਂ ਹੋਈ ਲਾਪਰਵਾਹੀ ਦਾ ਸ਼ੱਕ : ਸੇਖੋਂ
ਲੁਧਿਆਣਾ ਨਿਗਮ ਦੇ ਵਧੀਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਸੜਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਨਗਰ ਨਿਗਮ ਦੀਆਂ ਟੀਮਾਂ ਘਰ ਨੂੰ ਸੁਰੱਖਿਅਤ ਬਣਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੰਪਨੀਆਂ ਵੱਲੋਂ ਸੜਕ ਹੇਠ ਕੇਬਲਾਂ ਜਾਂ ਹੋਰ ਲਾਈਨਾਂ ਵਿਛਾਉਣ ਦੌਰਾਨ ਲਾਪਰਵਾਹੀ ਇਸ ਹਾਦਸੇ ਦਾ ਕਾਰਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਟੋਆ ਕਰੀਬ 15 ਤੋਂ 20 ਫੁੱਟ ਡੂੰਘਾ ਹੈ। ਫਿਲਹਾਲ ਪਹਿਲੀ ਤਰਜੀਹ ਇਲਾਕੇ ਅਤੇ ਘਰ ਨੂੰ ਸੁਰੱਖਿਅਤ ਬਣਾਉਣਾ ਅਤੇ ਆਮ ਹਾਲਾਤ ਬਹਾਲ ਕਰਨਾ ਹੈ।
-ਸੀਵਰੇਜ ਦੀ ਮਿਆਦ ਖ਼ਤਮ ਹੋਣ ਕਾਰਨ ਵਾਪਰਿਆ ਹਾਦਸਾ : ਮੇਅਰ ਇੰਦਰਜੀਤ ਕੌਰ
ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਹਾਦਸੇ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਨਗਰ ਨਿਗਮ ਦੀਆਂ ਟੀਮਾਂ ਘਰ ਨੂੰ ਸੁਰੱਖਿਅਤ ਬਣਾਉਣ ਲਈ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨੀਚੇ ਡਾਟ ਵਾਲਾ ਸੀਵਰੇਜ ਪਿਆ ਹੋਇਆ ਹੈ। ਜਿਸ ਦੀ ਮਿਆਦ ਪੂਰੀ ਹੋ ਚੁੱਕੀ ਹੈ। ਜਿਸ ਨੂੰ ਠੀਕ ਕਰਨ ਲਈ ਜਲਦ ਹੀ ਜੰਗੀ ਪੱਧਰ ਤੇ ਕੰਮ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ।
-ਸੜਕ ਧੱਸਣ ਦੇ ਮਾਮਲੇ 'ਚ ਨਿਗਮ ਕਮਿਸ਼ਨਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਲੁਧਿਆਣਾ ਦੇ ਰਹਿਣ ਵਾਲੇ ਬਲਬੀਰ ਅਗਰਵਾਲ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਅਤੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਨਿਗਮ ਲੁਧਿਆਣਾ ਦੇ ਕਮਿਸ਼ਨਰ ਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਬਣੀ ਸੜਕ ਅਚਾਨਕ ਧੱਸ ਗਈ, ਜਿਸ ਨਾਲ ਸੜਕ ਹੇਠਾਂ ਖੋਖਲਾਪਣ ਅਤੇ ਡਰੇਨ/ਸੀਵਰੇਜ ਦੀਆਂ ਪਾਈਪਾਂ ਵੀ ਨਜ਼ਰ ਆਉਣ ਲੱਗੀਆਂ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਇਹ ਘਟਨਾ ਨਿਰਮਾਣ ਕਾਰਜਾਂ ਦੀ ਗੁਣਵੱਤਾ, ਨਿਗਰਾਨੀ ਅਤੇ ਰੱਖ-ਰਖਾਅ ਵਿੱਚ ਗੰਭੀਰ ਲਾਪਰਵਾਹੀ ਦਾ ਨਤੀਜਾ ਹੈ। ਬਲਬੀਰ ਅਗਰਵਾਲ ਨੇ ਕਿਹਾ ਕਿ ਜੇਕਰ ਸੜਕ ਧੱਸਣ ਸਮੇਂ ਉੱਥੋਂ ਕੋਈ ਬੱਸ, ਸਕੂਲ ਵੈਨ ਜਾਂ ਹੋਰ ਵਾਹਨ ਲੰਘ ਰਿਹਾ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਲੁਧਿਆਣਾ ਵਿੱਚ ਆਏ ਦਿਨ ਸੜਕਾਂ ਧੱਸਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਲੋਕਾਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਸ਼ਿਕਾਇਤਕਰਤਾ ਨੇ ਮੰਗ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਤੇ ਸੁਤੰਤਰ ਜਾਂਚ ਹੋਵੇ। ਜੇਕਰ ਜਾਂਚ ਦੌਰਾਨ ਡਿਊਟੀ ਵਿੱਚ ਲਾਪਰਵਾਹੀ, ਨਿਰਮਾਣ ਕਾਰਜਾਂ ਵਿੱਚ ਬੇਨਿਯਮੀਆਂ ਜਾਂ ਸਰਕਾਰੀ ਧਨ ਦੀ ਬਰਬਾਦੀ ਸਾਹਮਣੇ ਆਉਂਦੀ ਉਹੈ ਤਾਂ ਨਿਗਮ ਦੇ ਜ਼ਿੰਮੇਵਾਰ ਅਧਿਕਾਰੀਆਂ, ਇੰਜੀਨੀਅਰਾਂ, ਠੇਕੇਦਾਰਾਂ ਅਤੇ ਹੋਰ ਸੰਬੰਧਿਤ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੜਕ ਦੇ ਨਿਰਮਾਣ, ਤਕਨੀਕੀ ਮਨਜ਼ੂਰੀ, ਗੁਣਵੱਤਾ ਜਾਂਚ ਅਤੇ ਭੁਗਤਾਨ ਨਾਲ ਸਬੰਧਿਤ ਸਾਰੇ ਰਿਕਾਰਡ ਦੀ ਜਾਂਚ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਵਿੱਚ ਹਾਲ ਹੀ ’ਚ ਬਣੀਆਂ ਸੜਕਾਂ ਦਾ ਵਿਸ਼ੇਸ਼ ਤਕਨੀਕੀ ਸੁਰੱਖਿਆ ਆਡਿਟ ਕਰਵਾਉਣ ਦੀ ਵੀ ਮੰਗ ਕੀਤੀ ਹੈ।