ਪਤੰਗ ਉਡਾ ਰਹੇ 12 ਸਾਲਾ ਬੱਚੇ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਿਆ, ਗੁਪਤ ਅੰਗ ’ਤੇ ਮਾਰੀਆਂ ਸੱਟਾਂ; ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ
ਇਸ ਦੌਰਾਨ ਗੁਆਂਢ ਵਿੱਚ ਰਹਿੰਦੇ ਬਲਵੀਰ ਸਿੰਘ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸ਼ਿਕਾਇਤ ਅਨੁਸਾਰ ਬੱਚਾ ਡਰ ਕੇ ਉੱਥੋਂ ਆਪਣੇ ਘਰ ਵੱਲ ਜਾਣ ਲੱਗਾ ਤਾਂ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਦੇ ਗੁਪਤ ਅੰਗ ’ਤੇ ਵੀ ਲੱਤਾਂ ਮਾਰੀਆਂ ਗਈਆਂ।
Publish Date: Sun, 30 Aug 2026 01:23 PM (IST)
Updated Date: Sun, 30 Aug 2026 01:28 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਵਿੱਚ ਇੱਕ 12 ਸਾਲਾ ਬੱਚੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਤੰਗ ਉਡਾਉਣ ਲਈ ਗੁਆਂਢੀ ਦੀ ਛੱਤ ’ਤੇ ਚੜ੍ਹੇ ਬੱਚੇ ਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਗਈਆਂ ਅਤੇ ਜਦੋਂ ਉਹ ਡਰ ਕੇ ਆਪਣੇ ਘਰ ਵੱਲ ਜਾਣ ਲੱਗਾ ਤਾਂ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਬੱਚੇ ਦੇ ਗੁਪਤ ਅੰਗ ’ਤੇ ਵੀ ਲੱਤਾਂ ਮਾਰਨ ਦੇ ਦੋਸ਼ ਲੱਗੇ ਹਨ।
ਮਾਮਲਾ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ 2 ਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੂਜਾ ਵਰਮਾ ਪਤਨੀ ਸੁਰਿੰਦਰ ਪਾਲ ਵਰਮਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ 12 ਸਾਲਾ ਬੇਟਾ ਬੀਤੇ ਦਿਨ ਸ਼ਾਮ ਕਰੀਬ 7:15 ਵਜੇ ਗੁਆਂਢੀਆਂ ਦੀ ਛੱਤ ’ਤੇ ਚੜ੍ਹ ਕੇ ਪਤੰਗ ਉਡਾ ਰਿਹਾ ਸੀ।
ਇਸ ਦੌਰਾਨ ਗੁਆਂਢ ਵਿੱਚ ਰਹਿੰਦੇ ਬਲਵੀਰ ਸਿੰਘ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸ਼ਿਕਾਇਤ ਅਨੁਸਾਰ ਬੱਚਾ ਡਰ ਕੇ ਉੱਥੋਂ ਆਪਣੇ ਘਰ ਵੱਲ ਜਾਣ ਲੱਗਾ ਤਾਂ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਦੇ ਗੁਪਤ ਅੰਗ ’ਤੇ ਵੀ ਲੱਤਾਂ ਮਾਰੀਆਂ ਗਈਆਂ।
ਇਸ ਦੌਰਾਨ ਲੋਕਾਂ ਦੇ ਇਕੱਠੇ ਹੋਣ ’ਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਆਪਣੇ ਘਰ ਚਲੇ ਗਏ। ਸੂਤਰਾਂ ਮੁਤਾਬਕ ਬੱਚੇ ਦੀ ਹਾਲਤ ਵਿਗੜ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਲੜਕੇ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਡਾਬਾ ਦੀ ਪੁਲਿਸ ਨੇ ਬਲਵੀਰ ਸਿੰਘ ਸਮੇਤ ਮੁਲਜ਼ਮਾਂ ਖ਼ਿਲਾਫ਼ ਧਾਰਾ 115(2), 126(2) ਅਤੇ 351(2) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੇ ਨਾਲ ਹੋਈ ਕੁੱਟਮਾਰ ਸਬੰਧੀ ਤੱਥ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ।