ਭੈਣ ਦੇ ਵਿਆਹ ਦੇ ਕਾਰਡ ਵੰਡਣ ਨਿਕਲਿਆ 10ਵੀਂ ਦਾ ਵਿਦਿਆਰਥੀ, ਟਰੈਕਟਰ ਦੀ ਲਾਪਰਵਾਹੀ ਨੇ ਖੋਹ ਲਿਆ ਦੋ ਭੈਣਾਂ ਦਾ ਇਕਲੌਤਾ ਭਰਾ
ਦੋ ਭੈਣਾਂ ਦਾ ਇਕਲੌਤਾ ਭਰਾ, 10ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਯੁਵਰਾਜ ਸਿੰਘ ਆਪਣੀ ਵੱਡੀ ਭੈਣ ਦੇ ਵਿਆਹ ਦੇ ਕਾਰਡ ਵੰਡਣ ਲਈ ਘਰੋਂ ਨਿਕਲਿਆ ਸੀ। ਕੁਝ ਹੀ ਸਮੇਂ ਬਾਅਦ ਉਸ ਦੇ ਘਰ ਉਸ ਦੀ ਮੌਤ ਦੀ ਖ਼ਬਰ ਪਹੁੰਚ ਗਈ। 23 ਅਗਸਤ ਨੂੰ ਜਿਸ ਘਰ ਵਿੱਚ ਭੈਣ ਦੈ ਵਿਆਹ ਹੁਣ ਸੀ , ਉੱਥੇ ਹੁਣ ਯੁਵਰਾਜ ਦੀ ਮੌਤ ਨੇ ਹਰ ਅੱਖ ਨਮ ਕਰ ਦਿੱਤੀ ਹੈ।
Publish Date: Sun, 16 Aug 2026 04:21 PM (IST)
Updated Date: Sun, 16 Aug 2026 04:24 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸੜਕ ’ਤੇ ਇੱਕ ਪਲ ਦੀ ਲਾਪਰਵਾਹੀ ਕਈ ਵਾਰ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੰਦੀ ਹੈ। ਤੇਜ਼ ਰਫ਼ਤਾਰ ਅਤੇ ਬਿਨਾਂ ਇਸ਼ਾਰਾ ਕੀਤੇ ਅਚਾਨਕ ਮੋੜੇ ਜਾਣ ਵਾਲੇ ਵਾਹਨ ਕਿਸੇ ਦੀ ਮੰਜ਼ਿਲ ਹੀ ਨਹੀਂ, ਸਗੋਂ ਉਸ ਦੇ ਪਰਿਵਾਰ ਦੇ ਸੁਪਨੇ ਵੀ ਰਾਹ ਵਿੱਚ ਹੀ ਰੋਕ ਦਿੰਦੇ ਹਨ। ਲੁਧਿਆਣਾ ਦੇ ਕੁੰਮਕਲਾਂ ਇਲਾਕੇ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਅਜਿਹੀ ਹੀ ਇੱਕ ਪਰਿਵਾਰਕ ਖੁਸ਼ੀ ਨੂੰ ਮਾਤਮ ਵਿੱਚ ਬਦਲ ਦਿੱਤਾ।
ਦੋ ਭੈਣਾਂ ਦਾ ਇਕਲੌਤਾ ਭਰਾ, 10ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਯੁਵਰਾਜ ਸਿੰਘ ਆਪਣੀ ਵੱਡੀ ਭੈਣ ਦੇ ਵਿਆਹ ਦੇ ਕਾਰਡ ਵੰਡਣ ਲਈ ਘਰੋਂ ਨਿਕਲਿਆ ਸੀ। ਕੁਝ ਹੀ ਸਮੇਂ ਬਾਅਦ ਉਸ ਦੇ ਘਰ ਉਸ ਦੀ ਮੌਤ ਦੀ ਖ਼ਬਰ ਪਹੁੰਚ ਗਈ। 23 ਅਗਸਤ ਨੂੰ ਜਿਸ ਘਰ ਵਿੱਚ ਭੈਣ ਦੈ ਵਿਆਹ ਹੁਣ ਸੀ , ਉੱਥੇ ਹੁਣ ਯੁਵਰਾਜ ਦੀ ਮੌਤ ਨੇ ਹਰ ਅੱਖ ਨਮ ਕਰ ਦਿੱਤੀ ਹੈ।
ਭੈਣ ਦੀ ਡੋਲੀ ਤੋਂ ਪਹਿਲਾਂ ਉੱਠੀ ਭਰਾ ਦੀ ਅਰਥੀ
ਭੰਮਾ ਕਲਾਂ ਵਾਸੀ ਯੁਵਰਾਜ ਸਿੰਘ (14) ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 10ਵੀਂ ਜਮਾਤ ’ਚ ਪੜ੍ਹਦਾ ਸੀ। ਪਰਿਵਾਰ ਨੇ ਉਸ ਦੀ ਇੱਕ ਭੈਣ ਦਾ ਵਿਆਹ 23 ਅਗਸਤ ਨੂੰ ਤੈਅ ਕੀਤਾ ਹੋਇਆ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਯੁਵਰਾਜ ਵੀ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਖੁਸ਼ ਸੀ। ਉਹ ਆਪਣੇ ਰਿਸ਼ਤੇਦਾਰ ਗੁਰਮਨਪ੍ਰੀਤ ਸਿੰਘ ਨਾਲ ਮੋਟਰਸਾਈਕਲ ’ਤੇ ਭੈਣ ਦੇ ਵਿਆਹ ਦੇ ਕਾਰਡ ਵੰਡਣ ਲਈ ਨਿਕਲਿਆ ਸੀ। ਕੀ ਪਤਾ ਸੀ ਕਿ ਉਸ ਦਾ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਬਣ ਜਾਵੇਗਾ।
ਅਚਾਨਕ ਮੋੜੇ ਟਰੈਕਟਰ ਨੇ ਬਾਈਕ ਨੂੰ ਮਾਰੀ ਟੱਕਰ
ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਦੋਵੇਂ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਦੌਰਾਨ ਅੱਗੇ ਜਾ ਰਹੇ ਇੱਕ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਨੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਬਿਨਾਂ ਇਸ਼ਾਰਾ ਕੀਤੇ ਅਚਾਨਕ ਟਰੈਕਟਰ ਮੋੜ ਦਿੱਤਾ। ਮੋਟਰਸਾਈਕਲ ਦੀ ਇਕਦਮ ਬ੍ਰੇਕ ਨਾਲ ਲੱਗ ਸਕੀ ਅਤੇ ਤੇਜ਼ ਗਤੀ ਨਾਲ ਮੋਟਰਸਾਈਕਲ ਟਰੈਕਟਰ ਟਰਾਲੀ ਵਿੱਚ ਟਕਰਾ ਗਿਆ। ਟੱਕਰ ਤੋਂ ਬਾਅਦ ਦੋਵੇਂ ਸੜਕ ’ਤੇ ਜਾ ਡਿੱਗੇ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਹਾਦਸੇ ’ਚ ਯੁਵਰਾਜ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਸੀ। ਉਸ ਦੇ ਨਾਲ ਮੋਟਰਸਾਈਕਲ ’ਤੇ ਸਵਾਰ ਉਸ ਦਾ ਰਿਸ਼ਤੇਦਾਰ ਗੁਰਮਨਪ੍ਰੀਤ ਸਿੰਘ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੇ ਮੱਥੇ, ਅੱਖ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਹਸਪਤਾਲ ’ਚ ਤੜਫਦਾ ਰਿਹਾ ਯੁਵਰਾਜ, ਬੋਲਿਆ- ਸਾਹ ਲੈਣ ’ਚ ਦਿੱਕਤ ਹੋ ਰਹੀ
ਪਰਿਵਾਰਕ ਮੈਂਬਰਾਂ ਅਨੁਸਾਰ ਹਾਦਸੇ ਤੋਂ ਬਾਅਦ ਯੁਵਰਾਜ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ ਅਤੇ ਸਿਰ ’ਤੇ ਗੰਭੀਰ ਸੱਟ ਹੋਣ ਕਾਰਨ ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ। ਪਰਿਵਾਰ ਮੁਤਾਬਕ ਉਹ ਕਰੀਬ ਇੱਕ ਘੰਟੇ ਤੱਕ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਲਿਜਾਇਆ ਗਿਆ।
ਇਲਾਜ ਦੌਰਾਨ ਤੜਫਦੇ ਹੋਏ ਯੁਵਰਾਜ ਨੇ ਡਾਕਟਰ ਨੂੰ ਕਿਹਾ ਕਿ ਉਸ ਨੂੰ ਸਾਹ ਲੈਣ ’ਚ ਕਾਫੀ ਦਿੱਕਤ ਹੋ ਰਹੀ ਹੈ ਅਤੇ ਕੋਈ ਇੰਜੈਕਸ਼ਨ ਲਗਾ ਦਿੱਤਾ ਜਾਵੇ ਪਰ ਪਰਿਵਾਰ ਦੀਆਂ ਕੋਸ਼ਿਸ਼ਾਂ ਅਤੇ ਇਲਾਜ ਦੇ ਬਾਵਜੂਦ ਕੁਝ ਸਮੇਂ ਬਾਅਦ ਹੀ 14 ਸਾਲਾ ਯੁਵਰਾਜ ਨੇ ਦਮ ਤੋੜ ਦਿੱਤਾ।
ਜਿਸ ਘਰ ’ਚ ਵੱਜਣੇ ਸਨ ਵਿਆਹ ਦੇ ਗੀਤ, ਉੱਥੇ ਗੂੰਜ ਰਹੀਆਂ ਨੇ ਚੀਕਾਂ
ਯੁਵਰਾਜ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਜਿਸ ਘਰ ’ਚ 23 ਅਗਸਤ ਨੂੰ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾਣੀਆਂ ਸਨ, ਉੱਥੇ ਹੁਣ ਮਾਤਮ ਛਾ ਗਿਆ ਹੈ। ਦੋ ਭੈਣਾਂ ਦਾ ਇਕਲੌਤਾ ਭਰਾ ਹੋਣ ਕਾਰਨ ਯੁਵਰਾਜ ਆਪਣੀਆਂ ਭੈਣਾਂ ਲਈ ਬੇਹੱਦ ਪਿਆਰਾ ਸੀ। ਪਰਿਵਾਰ ਨੇ ਜਿਸ ਪੁੱਤਰ ਨੂੰ ਭੈਣ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਦੇਖਣਾ ਸੀ, ਉਸੇ ਪੁੱਤਰ ਦੀ ਮੌਤ ਨੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ।
ਭੈਣ ਦੇ ਵਿਆਹ ਦੇ ਕਾਰਡ ਵੰਡਣ ਨਿਕਲੇ ਯੁਵਰਾਜ ਦੇ ਹੱਥ ਹੁਣ ਹਮੇਸ਼ਾ ਲਈ ਥੰਮ ਗਏ ਹਨ। ਜਿਸ ਦਿਨ ਭੈਣ ਦੀ ਡੋਲੀ ਸਜਣੀ ਸੀ, ਉਸ ਤੋਂ ਪਹਿਲਾਂ ਹੀ ਪਰਿਵਾਰ ਨੂੰ ਆਪਣੇ ਇਕਲੌਤੇ ਪੁੱਤਰ ਦੀ ਅੰਤਿਮ ਵਿਦਾਈ ਦੀ ਤਿਆਰੀ ਕਰਨੀ ਪੈ ਰਹੀ ਹੈ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ
ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੁੰਮਕਲਾਂ ਪੁਲਿਸ ਨੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਬੀਐਨਐਸ ਦੀ ਧਾਰਾ 281 ਅਤੇ 106 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਚਾਲਕ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਇਹ ਸਿਰਫ਼ ਇੱਕ ਸੜਕ ਹਾਦਸਾ ਨਹੀਂ, ਇੱਕ ਅਜਿਹੇ ਪਰਿਵਾਰ ਦੀ ਖੁਸ਼ੀ ਦਾ ਉਜੜਨਾ ਹੈ ਜੋ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ’ਚ ਰੁੱਝਿਆ ਹੋਇਆ ਸੀ। ਯੁਵਰਾਜ ਭੈਣ ਦੇ ਵਿਆਹ ਦਾ ਸੱਦਾ ਦੇਣ ਨਿਕਲਿਆ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਸ ਦੇ ਹੱਥਾਂ ’ਚ ਫੜੇ ਵਿਆਹ ਦੇ ਕਾਰਡ ਉਸ ਦੇ ਪਰਿਵਾਰ ਲਈ ਖੁਸ਼ੀ ਦਾ ਸੱਦਾ ਨਹੀਂ, ਸਗੋਂ ਜ਼ਿੰਦਗੀ ਭਰ ਨਾ ਭੁੱਲਣ ਵਾਲੇ ਦਰਦ ਦੀ ਆਖਰੀ ਯਾਦ ਬਣ ਜਾਣਗੇ।
ਸੜਕਾਂ ’ਤੇ ਮੌਤ ਦਾ ਸਾਮਾਨ ਬਣ ਰਹੀਆਂ ਟਰੈਕਟਰ-ਟਰਾਲੀਆਂ ਤੇ ਜੁਗਾੜੂ ਵਾਹਨਾਂ ’ਤੇ ਲੱਗੇ ਲਗਾਮ
ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾਣ ਦਾ ਸਿਲਸਿਲਾ ਰੋਕਣ ਲਈ ਸਿਰਫ਼ ਤੇਜ਼ ਰਫ਼ਤਾਰ ਜਾਂ ਨਸ਼ੇ ਵਿੱਚ ਡਰਾਈਵਿੰਗ ’ਤੇ ਹੀ ਨਜ਼ਰ ਰੱਖਣਾ ਕਾਫ਼ੀ ਨਹੀਂ। ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ’ਤੇ ਬਿਨਾਂ ਇੰਡੀਕੇਟਰ, ਬਿਨਾਂ ਲੋੜੀਂਦੀਆਂ ਲਾਈਟਾਂ ਅਤੇ ਸੁਰੱਖਿਆ ਪ੍ਰਬੰਧਾਂ ਦੇ ਦੌੜ ਰਹੀਆਂ ਟਰੈਕਟਰ-ਟਰਾਲੀਆਂ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਤਿਆਰ ਕੀਤੇ ਜੁਗਾੜੂ ਵਾਹਨ ਵੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਹਨ।
ਕਈ ਵਾਰ ਇਹ ਵਾਹਨ ਰਾਤ ਦੇ ਹਨੇਰੇ ਵਿੱਚ ਬਿਨਾਂ ਪਿੱਛੇ ਲਾਈਟਾਂ ਜਾਂ ਰਿਫਲੈਕਟਰਾਂ ਦੇ ਸੜਕ ’ਤੇ ਚੱਲਦੇ ਦਿਖਾਈ ਦਿੰਦੇ ਹਨ, ਜਿਸ ਕਾਰਨ ਪਿੱਛੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਇਨ੍ਹਾਂ ਦਾ ਅੰਦਾਜ਼ਾ ਹੀ ਨਹੀਂ ਲੱਗਦਾ। ਜੇਕਰ ਪਿਛਲੇ ਕੁਝ ਸਮੇਂ ਤੇ ਹੀ ਝਾਤੀ ਮਾਰੀਏ ਤਾਂ ਅਜਿਹੇ ਦਰਜਨਾਂ ਹਾਦਸੇ ਵਾਪਰੇ ਹਨ ਕਈ ਹਾਦਸਿਆਂ ਵਿੱਚ ਤਾਂ ਪੂਰੇ ਪਰਿਵਾਰਾਂ ਨੇ ਆਪਣੀ ਜ਼ਿੰਦਗੀ ਗਵਾਈ ਹੈ।