ਟਾਇਰਾਂ ਤੇ ਬੈਟਰੀਆਂ ਦੀ ਘਾਟ ਕਾਰਨ 40 AC ਵੋਲਵੋ ਸਮੇਤ 800 ਬੱਸਾਂ ਕੰਡਮ: ਟਰਾਂਸਪੋਰਟ ਵਿਭਾਗ ਨੂੰ ਆਰਥਿਕ ਨੁਕਸਾਨ ਕਿਸੇ ਵੇਲ਼ੇ ਪੰਜਾਬ ਦੀਆਂ ਸਾਰੀਆਂ ਸੜਕਾਂ ਉਪਰ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਪੈਲਾਂ ਪਾਉਦੀਆਂ ਨਜ਼ਰ ਆਉਂਦੀਆਂ ਸਨ, ਪਰ ਹੁਣ ਇਨ੍ਹਾਂ ਬੱਸਾਂ ਦਾ ਲੱਕ ਟੁੱਟਦਾ ਨਜ਼ਰ ਆ ਰਿਹਾ ਹੈ। ਹੁਣ ਜਿਥੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਦੀ ਹੋਂਦ ਖਤਮ ਕਿਨਾਰੇ 'ਤੇ ਪਹੁੰਚ ਗਈ ਹੈ, ਉਥੇ ਲੋਕਾਂ ਖਾਸ ਕਰਕੇ ਔਰਤਾਂ, ਵਿਦਿਆਰਥੀ ਅਤੇ ਰੋਜ ਸਫ਼ਰ ਕਰਨ ਵਾਲੇ ਮੁਲਾਜ਼ਮ ਸਰਕਾਰੀ ਬੱਸਾਂ ਦੀ ਸਹੂਲਤ ਤੋਂ ਵਾਂਝੇ ਹੁੰਦੇ ਜਾ ਰਹੇ ਹਨ।
Publish Date: Fri, 31 Jul 2026 11:07 AM (IST)
Updated Date: Fri, 31 Jul 2026 11:09 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਕਿਸੇ ਵੇਲ਼ੇ ਪੰਜਾਬ ਦੀਆਂ ਸਾਰੀਆਂ ਸੜਕਾਂ ਉਪਰ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਪੈਲਾਂ ਪਾਉਦੀਆਂ ਨਜ਼ਰ ਆਉਂਦੀਆਂ ਸਨ, ਪਰ ਹੁਣ ਇਨ੍ਹਾਂ ਬੱਸਾਂ ਦਾ ਲੱਕ ਟੁੱਟਦਾ ਨਜ਼ਰ ਆ ਰਿਹਾ ਹੈ। ਹੁਣ ਜਿਥੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਦੀ ਹੋਂਦ ਖਤਮ ਕਿਨਾਰੇ 'ਤੇ ਪਹੁੰਚ ਗਈ ਹੈ, ਉਥੇ ਲੋਕਾਂ ਖਾਸ ਕਰਕੇ ਔਰਤਾਂ, ਵਿਦਿਆਰਥੀ ਅਤੇ ਰੋਜ ਸਫ਼ਰ ਕਰਨ ਵਾਲੇ ਮੁਲਾਜ਼ਮ ਸਰਕਾਰੀ ਬੱਸਾਂ ਦੀ ਸਹੂਲਤ ਤੋਂ ਵਾਂਝੇ ਹੁੰਦੇ ਜਾ ਰਹੇ ਹਨ।
ਪਿਛਲੇ 4 ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਨਾ ਤਾਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਵਿੱਚ ਕੋਈ ਆਪਣੀ ਸਰਕਾਰੀ ਕੋਈ ਨਵੀਂ ਬੱਸ ਪਾਈ ਹੈ ਅਤੇ ਨਾ ਹੀ ਕੋਈ ਕੱਚਾ ਮੁਲਾਜ਼ਮ ਪੱਕਾ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਦੀ ਬਦਨੀਤੀ ਕਰਕੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਤਕਰੀਬਨ 800 ਬੱਸਾਂ ਇਸ ਵੇਲੇ ਕੰਡਮ ਹੋ ਚੁੱਕੀਆਂ ਹਨ ਜਦ ਕਿ ਟ੍ਰਾਂਸਪੋਰਟ ਵਿਭਾਗ ਨੂੰ ਜਿਉਂਦਾ ਰੱਖਣ ਲਈ ਵਿਭਾਗ ਵਿਚ ਇੱਕ ਵੀ ਨਵੀਂ ਸਰਕਾਰੀ ਬੱਸ ਨਹੀਂ ਪਾਈ ਗਈ ,ਉਂਝ 696 ਬੱਸਾਂ ਪਾਉਣ ਦੀ ਗੱਲ ਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ। ਇੱਕ ਇੱਕ ਕਰਕੇ ਸਾਰੇ ਰੂਟ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਨੂੰ ਦਿੱਤੇ ਜਾ ਰਹੇ ਹਨ, ਬੱਸਾਂ ਦੇ ਟਾਈਮ ਟੇਬਲਾਂ ਵਿੱਚ ਕਥਿਤ ਤੌਰ 'ਤੇ ਵੱਡੀਆਂ ਹੇਰਾਫੇਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਰਕੇ ਪ੍ਰਾਈਵੇਟ ਬੱਸ ਮਾਲਕਾਂ ਦੀ ਚਾਂਦੀ ਹੋ ਰਹੀ ਹੈ ਪਰ ਇਸ ਦੇ ਉਲਟ ਵਿਭਾਗ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਰੋਡਵੇਜ਼/ਪਨਬੱਸ ਵਿਭਾਗ ਵਿਚ ਪੀਸੀਐੱਸ ਅਧਿਕਾਰੀਆਂ ਦੀ ਥਾਂ ਰੋਡਵੇਜ਼ ਦੇ ਜੀਐਮ ਲਾਏ ਗਏ ਹਨ, ਜਿਸ ਕਰਕੇ ਉਹ ਕੋਈ ਵੀ ਫੈਸਲਾ ਲੈਣ ਤੋਂ ਅਸਮਰੱਥ ਹਨ। ਇਸੇ ਕਰਕੇ ਜਿਥੇ ਵਿਭਾਗ ਦਾ ਮਾਲੀਆ ਘਟਦਾ ਜਾ ਰਿਹਾ ਹੈ ਉਥੇ ਮੁਲਾਜ਼ਮਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਮੁਲਾਜ਼ਮਾਂ 'ਤੇ ਨਾਜਾਇਜ਼ ਪਰਚੇ ਪਾ ਕੇ ਉਨ੍ਹਾਂ ਨੂੰ ਜੇਲਾਂ ਵਿੱਚ ਬੰਦ ਕਰਕੇ ਆਵਾਜ਼ ਨੂੰ ਦਬਾਉਂਦਿਆਂ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਪ੍ਰਾਈਵੇਟ ਕਿਲੋਮੀਟਰ ਬੱਸਾਂ ਪਾਈਆਂ ਗਈਆਂ ਅਤੇ ਹੁਣ ਕੁੱਝ ਕਥਿਤ ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਵਿਭਾਗਾਂ ਦੀਆਂ ਕਰੋੜਾਂ ਰੁਪਏ ਮੁੱਲ ਦੀਆਂ 400 ਦੇ ਕਰੀਬ ਸਾਧਾਰਨ ਮਾਲਕੀ ਬੱਸਾਂ ਅਤੇ 35 ਦੇ ਕਰੀਬ ਵੋਲਵੋ ਬੱਸਾਂ ਨੂੰ ਜੰਗਾਲ ਲੱਗਣਾ ਸ਼ੁਰੂ ਹੋ ਗਿਆ ਹੈ। ਅੱਤ ਦੀ ਗਰਮੀ ਦੇ ਮੌਸਮ ਵਿੱਚ ਸਵਾਰੀਆਂ ਢੋਹ ਕੇ ਇਹ ਬੱਸਾਂ ਚੋਖਾ ਮਾਲੀਆ ਇਕੱਠਾ ਕਰ ਸਕਦੀਆਂ ਸਨ ਪਰ ਛੋਟੇ ਛੋਟੇ ਸਪੇਅਰ ਪਾਰਟਸ, ਟਾਇਰਾਂ ਅਤੇ ਬੈਟਰੀਆਂ ਨਾ ਉਪਲਬਧ ਹੋਣ ਕਾਰਨ ਇਹ ਬੱਸਾਂ ਖੜ੍ਹੀਆਂ ਹਨ। ਪ੍ਰਾਈਵੇਟ ਕਿਲੋਮੀਟਰ ਬੱਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਕਰਕੇ ਪੰਜਾਬ ਰੋਡਵੇਜ਼/ਪਨਬੱਸ ਦੇ ਰੋਜ਼ਾਨਾ ਡੇਢ ਲੱਖ ਕਿਲੋਮੀਟਰ ਰੂਟ ਮਿਸ ਹੋ ਰਹੇ ਹਨ। ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੁੰਦੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕਿਸੇ ਸਮੇਂ ਪੰਜਾਬ ਵਿੱਚ 3507 ਤੋਂ ਵੱਧ ਸਰਕਾਰੀ ਬੱਸਾਂ ਸੜਕਾਂ ਦੀਆਂ ਰਾਣੀਆਂ ਬਣ ਕੇ ਚੱਲਦੀਆਂ ਸਨ। ਇਨ੍ਹਾਂ ਵਿਚ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ 2407 ਬੱਸਾਂ ਜਦ ਕਿ ਪੀਆਰਟੀਸੀ ਵਿੱਚ 1100 ਬੱਸਾਂ ਸ਼ਾਮਲ ਸਨ, ਹੁਣ ਉਨ੍ਹਾਂ ਦੀ ਗਿਣਤੀ ਦਿਨ ਬ ਦਿਨ ਘੱਟਦੀ ਜਾ ਰਹੀ ਹੈ। ਇਸ ਵੇਲੇ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ ਲਗਪਗ 1300 ਜਦਕਿ ਪੀਆਰਟੀਸੀ ਵਿੱਚ 800 ਦੇ ਕਰੀਬ ਸਰਕਾਰੀ ਬੱਸਾਂ ਰਹਿ ਗਈਆਂ ਹਨ। ਪੰਜਾਬ ਦੇ ਉਲਟ ਗੁਆਂਢੀ ਰਾਜ ਹਰਿਆਣਾ ਜੋ ਪੰਜਾਬ ਤੋਂ ਛੋਟਾ ਹੈ, ਵਿੱਚ 5400 ਸਰਕਾਰੀ ਬੱਸਾਂ ਹਨ। ਜਿਉਂ ਜਿਉਂ ਪੰਜਾਬ ਦੀ ਅਬਾਦੀ ਵੱਧਦੀ ਜਾ ਰਹੀ ਹੈ, ਲੋਕਾਂ ਦੀਆਂ ਲੋੜਾਂ/ਸਹੂਲਤਾਂ ਨੂੰ ਮੁੱਖ ਰੱਖਦਿਆਂ ਰਾਜ ਵਿਚ ਇਸ ਵੇਲੇ 10000 ਬੱਸਾਂ ਦੀ ਲੋੜ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਇਸ ਵੇਲੇ ਪੰਜਾਬ ਵਿਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਜਿੰਨੀਆਂ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚੋਂ ਕਈ ਅਜੇ ਕਰਜ਼ੇ ਦੀ ਮਾਰ ਹੇਠ ਹਨ।
ਭ੍ਰਿਸ਼ਟ ਅਧਿਕਾਰੀਆਂ ਕਾਰਨ ਨਿਘਾਰ ਵੱਲ ਜਾ ਰਿਹਾ ਟਰਾਂਸਪੋਰਟ ਵਿਭਾਗ ਪੰਜਾਬ ਰੋਡਵੇਜ਼/ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਅਤੇ ਜਨਰਲ ਸਕੱਤਰ ਸਮਸ਼ੇਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਕਥਿਤ ਭ੍ਰਿਸ਼ਟ ਅਧਿਕਾਰੀਆਂ ਨੂੰ ਵਿਭਾਗ ਦੇ ਮਹੱਤਵਪੂਰਨ ਅਹੁਦਿਆਂ ’ਤੇ ਬਿਠਾਇਆ ਹੋਇਆ ਹੈ ,ਜਿਨ੍ਹਾਂ ਕਾਰਨ ਟਰਾਂਸਪੋਰਟ ਵਿਭਾਗ ਦੀ ਹਾਲਤ ਨਿੱਘਰਦੀ ਜਾ ਰਹੀ ਹੈ। ਕਾਮਿਆਂ ਵਲੋਂ ਵਾਰ-ਵਾਰ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ, ਵਾਰ-ਵਾਰ ਬੱਸਾਂ ਦਾ ਚੱਕਾ ਜਾਮ ਹੋਣ ਕਰਕੇ ਵਿਭਾਗ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ।