ਖ਼ਾਲਸਾ ਕਾਲਜ ਲੜਕੀਆਂ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਦੌਰਾਨ 731 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਖ਼ਾਲਸਾ ਕਾਲਜ ਲੜਕੀਆਂ ਵਿਖੇ ਸਲਾਨਾ ਡਿਗਰੀ ਵੰਡ ਸਮਾਰੋਹ ਦੌਰਾਨ 731 ਵਿਧਿਆਰਥੀਆਂ ਨੂੰ ਡਿਗਰੀਆਂ ਵੰਡੀਆਂ
Publish Date: Sat, 28 Mar 2026 06:10 PM (IST)
Updated Date: Sat, 28 Mar 2026 06:11 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਖ਼ਾਲਸਾ ਕਾਲਜ ਲੜਕੀਆਂ ਵਿਖੇ ਸੈਸ਼ਨ 2024-25 ਲਈ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ 731 ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਟ ਡਿਪਲੋਮੇ ਅਤੇ ਗ੍ਰੈਜੂਏਟ ਡਿਪਲੋਮੇ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਸਮਾਰੋਹ ਵਿਚ ਡਾ. ਵਿਕਾਸ ਰਿਸ਼ੀ ਵਿਗਿਆਨੀ ਰਾਸ਼ਟਰੀ ਖੇਤੀਬਾੜੀ- ਖੁਰਾਕ ਤੇ ਬਾਇਓ ਨਿਰਮਾਣ ਸੰਸਥਾ ਮੋਹਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਵਿਹੜੇ ਵਿਚ ਪਹੁੰਚਣ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਨੇਜਰ ਮੈਡਮ ਕੁਸ਼ਲ ਢਿੱਲੋਂ, ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ, ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ, ਸਮੁੱਚੇ ਸਟਾਫ਼ ਅਤੇ ਕਾਲਜ ਵਿਦਿਆਰਥਣਾਂ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਪਰਮਾਤਮਾ ਦੀ ਅਰਦਾਸ ਨਾਲ ਹੋਈ। ਕੰਪਿਊਟਰ ਵਿਭਾਗ ਵੱਲੋਂ ਸਾਲਾਨਾ ਰਿਪੋਰਟ ਮਲਟੀਮੀਡੀਆ ਰਾਹੀਂ ਪੇਸ਼ ਕੀਤੀ ਗਈ, ਜਿਸ ਵਿਚ ਅਕਾਦਮਿਕ ਸਾਲ ਦੌਰਾਨ ਸੰਸਥਾ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੂੰ ਵੱਖ ਵੱਖ ਕੰਪਨੀਆਂ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ। ਵਿਦਿਆਰਥਣਾਂ ਦੀ ਨਿਰੰਤਰ ਮਿਹਨਤ ਸਦਕਾ 2024-25 ਸਾਲ ਵਿਚ ਉਨ੍ਹਾਂ ਨੇ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ, ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ 90 ਪਹਿਲੀਆਂ 10 ਪੁਜੀਸ਼ਨਾਂ ਪ੍ਰਾਪਤ ਕੀਤੀਆਂ, ਜਿਨ੍ਹਾਂ ਵਿਚੋਂ ਕ੍ਰਮਵਾਰ 8 ਪਹਿਲੇ, 6 ਦੂਜੇ ਅਤੇ 12 ਤੀਜੇ ਸਥਾਨ ਕ੍ਰਮਵਾਰ ਪ੍ਰਾਪਤ ਕੀਤੇ। ਸਰੀਰਕ ਸਿੱਖਿਆ ਵਿਭਾਗ 35 ਗੋਲਡ ਮੈਡਲ, 37 ਸਿਲਵਰ ਮੈਡਲ ਅਤੇ 41 ਕਾਂਸੀ ਦੇ ਮੈਡਲ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ। ਕਾਲਜ ਨੇ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਕਰਵਾਏ ਪੀਯੂ ਜ਼ੋਨਲ ਯੂਥ ਫੈਸਟੀਵਲ ਵਿਚ ਪਹਿਲੀ ਰਨਰਜ਼ ਅੱਪ ਟਰਾਫੀ ਜਿੱਤੀ ਅਤੇ ਵਿਦਿਆਰਥੀਆਂ ਨੇ ਕੁੱਲ 37 ਇਨਾਮ ਜਿੱਤੇ, ਜਿਸ ਵਿਚ 15 ਪਹਿਲੇ, 9 ਦੂਜੇ ਅਤੇ 13 ਤੀਜੇ ਇਨਾਮ ਹਾਸਲ ਕੀਤੇ। ਏਐਸ ਕਾਲਜ ਖੰਨਾ ਵਿਖੇ ਆਯੋਜਿਤ ਵਿਰਾਸਤ ਯੁਵਕ ਮੇਲੇ ਦੇ ਅੰਤਰ-ਜ਼ੋਨਲ ਕਾਲਜ ਮੁਕਾਬਲਿਆਂ ਵਿਚ 17 ਇਨਾਮ ਹਾਸਲ ਕੀਤੇ। ਕਾਲਜ ਦੀ ਵਿਦਿਆਰਥਣ ਰੂਪਾਲੀ ਸ਼ਰਮਾ ਨੇ 39 ਵੇਂ ਏਆਈਯੂ ਅੰਤਰ-ਯੂਨੀਵਰਸਿਟੀ ਰਾਸ਼ਟਰੀ ਯੁਵਾ ਉਤਸਵ ਵਿਚ ਮਿਮਿਕਰੀ ਵਿਚ ਰਾਸ਼ਟਰੀ ਪੱਧਰ ਤੇ ਦੂਜਾ ਇਨਾਮ ਪ੍ਰਾਪਤ ਕੀਤਾ। 21 ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿਚ ਉੱਤਮਤਾ ਪ੍ਰਾਪਤ ਕਰਨ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ 6 ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿੱਚ ਯੂਨੀਵਰਸਿਟੀ ਪੁਜ਼ੀਸ਼ਨਾਂ ਵਿਚ ਹਾਸਲ ਕਰਨ ਲਈ 7 ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਲਈ, 8 ਖੇਡਾਂ ਤੇ ਐਨਸੀਸੀ ਆਦਿ ਵਿਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣਾਂ ਨੂੰ ਰੋਲ ਆਫ ਆਨਰ ਪ੍ਰਦਾਨ ਕੀਤੇ ਗਏ। ਡਾ .ਰਿਸ਼ੀ ਨੇ ਡਿਗਰੀ ਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਉੱਤਮਤਾ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਹਮੇਸ਼ਾ ਉਸਾਰੂ ਸੋਚ ਰੱਖਣ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਅਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ.ਗਰੇਵਾਲ ਨੇ ਆਪਣੇ ਸੰਬੋਧਨ ਵਿਚ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਫਲਤਾ ਤੇ ਵਧਾਈ ਦਿੰਦਿਆਂ ਉਨ੍ਹਾਂ ਭਵਿੱਖ ਵਿੱਚ ਉੱਚੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਹ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਤੌਰ ਤੇ ਵਿਕਾਸ ਕਰਨ ਲਈ ਵਚਨਬੱਧ ਹੈ ਬਲਕਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਦਾ ਉਦੇਸ਼ ਰੱਖਦੀ ਹੈ। ਉਨ੍ਹਾਂ ਨੇ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਹ ਸਮਾਗਮ ਰਾਸ਼ਟਰੀ ਗੀਤ ਦੀ ਧੁਨ ਨਾਲ ਸਮਾਪਤ ਹੋਇਆ। ਸਮੁੱਚੇ ਤੌਰ ’ਤੇ ਇਹ ਸਮਾਰੋਹ ਯਾਦਗਾਰੀ ਹੋ ਨਿਬੜਿਆ।