ਦਵਾਈ ਲੈਣ ਨਿਕਲੀ 70 ਸਾਲਾ ਬਜ਼ੁਰਗ ਔਰਤ ਨਾਲ ਲੁੱਟ, ਮੋਟਰਸਾਈਕਲ ਸਵਾਰਾਂ ਨੇ ਕੰਨਾਂ 'ਚੋਂ ਝਪਟੀਆਂ ਸੋਨੇ ਦੀਆਂ ਵਾਲੀਆਂ
ਖੋਹੀਆਂ ਗਈਆਂ ਵਾਲੀਆਂ ਦਾ ਭਾਰ ਕਰੀਬ 6 ਗ੍ਰਾਮ ਦੱਸਿਆ ਗਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬਸੰਤ ਨਗਰ ਦੀ ਵਾਸੀ ਪ੍ਰੇਮ ਲਤਾ ਨੇ ਦੱਸਿਆ ਕਿ ਉਹ ਆਪਣੇ ਘਰੋਂ ਦਵਾਈ ਲੈਣ ਲਈ ਨਿਕਲੀ ਸੀ। ਦੁਪਹਿਰ ਕਰੀਬ 3:40 ਵਜੇ ਜਦੋਂ ਉਹ ਸ਼ਿਵਪੁਰੀ ਦੀ ਝੁੱਗੀਆਂ ਵਾਲੀ ਗਲੀ ਵਿੱਚ ਜਸਿਕ ਜੈਨ ਦੇ ਮਕਾਨ ਦੇ ਬਾਹਰ ਪਹੁੰਚੀ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੇ ਕੋਲ ਆ ਕੇ ਰੁਕ ਗਏ।
Publish Date: Fri, 06 Nov 2026 10:58 AM (IST)
Updated Date: Fri, 06 Nov 2026 11:10 AM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਵਿੱਚ ਝਪਟਮਾਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਉਹ ਦਿਨ-ਦਿਹਾੜੇ ਬਜ਼ੁਰਗ ਔਰਤਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਤਾਜ਼ਾ ਮਾਮਲੇ ਵਿੱਚ ਦਵਾਈ ਲੈਣ ਲਈ ਘਰੋਂ ਨਿਕਲੀ 70 ਸਾਲਾ ਔਰਤ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਪਣਾ ਸ਼ਿਕਾਰ ਬਣਾ ਲਿਆ।
ਮੁਲਜ਼ਮਾਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਅਚਾਨਕ ਔਰਤ ਦੇ ਦੋਵੇਂ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਖੋਹੀਆਂ ਗਈਆਂ ਵਾਲੀਆਂ ਦਾ ਭਾਰ ਕਰੀਬ 6 ਗ੍ਰਾਮ ਦੱਸਿਆ ਗਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬਸੰਤ ਨਗਰ ਦੀ ਵਾਸੀ ਪ੍ਰੇਮ ਲਤਾ ਨੇ ਦੱਸਿਆ ਕਿ ਉਹ ਆਪਣੇ ਘਰੋਂ ਦਵਾਈ ਲੈਣ ਲਈ ਨਿਕਲੀ ਸੀ। ਦੁਪਹਿਰ ਕਰੀਬ 3:40 ਵਜੇ ਜਦੋਂ ਉਹ ਸ਼ਿਵਪੁਰੀ ਦੀ ਝੁੱਗੀਆਂ ਵਾਲੀ ਗਲੀ ਵਿੱਚ ਜਸਿਕ ਜੈਨ ਦੇ ਮਕਾਨ ਦੇ ਬਾਹਰ ਪਹੁੰਚੀ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੇ ਕੋਲ ਆ ਕੇ ਰੁਕ ਗਏ।
ਪਿੱਛੇ ਬੈਠਾ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਬਿਨਾਂ ਕੋਈ ਮੌਕਾ ਦਿੱਤੇ ਉਸ ਦੇ ਦੋਵੇਂ ਕੰਨਾਂ ’ਤੇ ਝਪਟਾ ਮਾਰ ਕੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਤੇਜ਼ੀ ਨਾਲ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਪ੍ਰੇਮ ਲਤਾ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।