ਮੀਰੀ-ਪੀਰੀ ਕਾਨਫਰੰਸ ’ਚ ਪੰਜਾਬ ਦੀ ਚੜ੍ਹਦੀ ਕਲਾ ਲਈ 6 ਅਹਿਮ ਮਤੇ ਪਾਸ ਮੀਰੀ-ਪੀਰੀ ਕਾਨਫਰੰਸ ਵਿਚ ਪੰਜਾਬ ਦੀ ਚੜ੍ਹਦੀ ਕਲਾ ਨੂੰ 6 ਅਹਿਮ ਮਤੇ ਪਾਸ
Publish Date: Tue, 15 Sep 2026 07:22 PM (IST)
Updated Date: Wed, 16 Sep 2026 04:08 AM (IST)
-01 ਜਗਰਾਓਂ ਨੇੜਲੇ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਵਰ੍ਹੇਗੰਢ ’ਤੇ ਕਰਵਾਈ ਮੀਰੀ-ਪੀਰੀ ਕਾਨਫਰੰਸ ਵਿਚ ਪੰਜਾਬ ਭਰ ਤੋਂ ਪੁੱਜੀਆਂ ਸੰਗਤਾਂ ਨਾਲ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਹੋਰ। * ਫੈੱਡਰੇਸ਼ਨ ਗਰੇਵਾਲ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਈ 38ਵੀਂ ਵਰ੍ਹੇਗੰਢ * ਜਥੇਦਾਰ ਗੜਗੱਜ ਨੇ ਸਰਕਾਰ ਨੂੰ ਫਰਜ਼ਾਂ ਪ੍ਰਤੀ ਪਹਿਰੇਦਾਰੀ ਦਾ ਪਾਠ ਪੜ੍ਹਾਇਆ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਨੇੜਲੇ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਗਰੇਵਾਲ ਦੀ 38ਵੀਂ ਵਰ੍ਹੇਗੰਢ ’ਤੇ ਜੈਕਾਰਿਆਂ ਦੀ ਗੂੰਜ ’ਚ ਪੰਜਾਬ ਦੀ ਚੜ੍ਹਦੀ ਕਲਾਂ ਲਈ 6 ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਫੈੱਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਰਵਾਈ ਗਈ ਇਸ ਕਾਨਫਰੰਸ ’ਚ ਪੰਜਾਬ ਭਰ ਤੋਂ ਜੱਥੇਬੰਦੀ ਦੇ ਆਗੂਆਂ, ਕਾਰਕੁੰਨਾਂ ਤੋਂ ਇਲਾਵਾ ਸੰਤ-ਮਹਾਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਨੌਜਵਾਨ ਸੰਸਥਾਵਾਂ, ਫੈੱਡਰੇਸ਼ਨ ਆਗੂਆਂ ਤੇ ਵੱਡੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਫਰਜ਼ਾਂ ਪ੍ਰਤੀ ਪਹਿਰੇਦਾਰੀ ਦਾ ਪਾਠ ਪੜ੍ਹਾਇਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਫੈੱਡਰੇਸ਼ਨ ਦੇ ਪੁਰਾਤਨ ਇਤਿਹਾਸ ਤੇ ਮੌਜੂਦਾ ਸਮੇਂ ’ਚ ਇਸ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੌਜਵਾਨਾਂ ਨੂੰ ਇਕਜੁੱਟ ਤੇ ਲਾਮਬੰਦ ਹੋਣ, ਬਾਣੀ ਤੇ ਬਾਣੇ ਨਾਲ ਜੁੜਨ ਅਤੇ ਨਸ਼ਿਆਂ ਦੇ ਮਾਰੂ ਹੱਲੇ ਵਿਰੁੱਧ ਡਟ ਕੇ ਪਹਿਰਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਾਂ ਦੀ ਧਰਤੀ ਤੇ ਘਰ ਹੈ, ਇਸ ਲਈ ਆਪਣੀ ਧਰਤੀ, ਵਿਰਾਸਤ ਤੇ ਸਿੱਖ ਪਛਾਣ ਨੂੰ ਮਜ਼ਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਪੰਜਾਬ ਦੀ ਜ਼ਮੀਨ ਨੂੰ ਪਰਿਵਾਰਾਂ ਤੋਂ ਬਾਹਰ ਜਾਣ ਤੋਂ ਬਚਾਉਣ, ਨੌਜਵਾਨ ਪੀੜ੍ਹੀ ਨੂੰ ਸਿੱਖੀ ਵਿਰਸੇ ਨਾਲ ਜੋੜਨ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਮਜ਼ਬੂਤ ਕਰਨ ਵਰਗੇ ਮੁੱਦਿਆਂ ’ਤੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਮੀਰੀ-ਪੀਰੀ ਕਾਨਫਰੰਸ ਦੇ ਮੁੱਖ ਪ੍ਰਬੰਧਕ ਭਾਈ ਗੁਰਚਰਨ ਸਿੰਘ ਗਰੇਵਾਲ ਮੁੱਖ ਸੇਵਾਦਾਰ ਮੁੱਖ ਸਟੂਡੈਂਟਸ ਫੈੱਡਰੇਸ਼ਨ ਨੇ ਕਿਹਾ ਕਿ ਫੈੱਡਰੇਸ਼ਨ ਸੰਤਾਂ ਵੱਲੋਂ ਦਿੱਤੀ ਸੋਚ ਤੇ ਸਿੱਖੀ ਸਿਧਾਂਤਾਂ ਨੂੰ ਅੱਗੇ ਲਿਜਾਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਹ ਦੀਵਾ ਅੱਗੇ ਵੀ ਜਗਦਾ ਰੱਖਿਆ ਜਾਵੇਗਾ। ਉਨ੍ਹਾਂ ਫੈੱਡਰੇਸ਼ਨ ਨਾਲ ਜੁੜੇ ਨੌਜਵਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਤੇ ਲਾਮਬੰਦ ਹੋ ਕੇ ਪੰਥਕ ਜ਼ਿੰਮੇਵਾਰੀਆਂ ਨਿਭਾਉਣ ਦਾ ਸੱਦਾ ਦਿੱਤਾ। ਭਾਈ ਗਰੇਵਾਲ ਨੇ ਕਾਨਫਰੰਸ ’ਚ ਪਹੁੰਚੀਆਂ ਸਾਰੀਆਂ ਸੰਗਤਾਂ, ਸੰਤ-ਮਹਾਪੁਰਖਾਂ, ਜਥੇਬੰਦੀਆਂ ਤੇ ਸੰਸਥਾਵਾਂ ਦਾ ਧੰਨਵਾਦ ਕੀਤਾ। ਮੀਰੀ-ਪੀਰੀ ਕਾਨਫਰੰਸ ਦੌਰਾਨ ਮੌਜੂਦਾ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਛੇ ਅਹਿਮ ਮਤੇ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ’ਚ ਪ੍ਰਵਾਨਗੀ ਦਿੱਤੀ। ਇਨ੍ਹਾਂ ਮਤਿਆਂ ’ਚ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦੀ ਰਾਖੀ, ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਨਾ ਤੇ ਸਰਕਾਰਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਪ੍ਰਭਾਵਸ਼ਾਲੀ ਕਾਰਵਾਈ ਨਾ ਕਰਨ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ’ਚ ਸਿੱਖ ਇਤਿਹਾਸ ਨੂੰ ਹਟਾ ਕੇ ਕੀਤੀ ਜਾ ਰਹੀ ਘਿਨੌਣੀ ਕਾਰਵਾਈ ਖ਼ਿਲਾਫ਼ ਰੋਸ ਦਰਜ ਕਰਵਾਉਣ ਸਮੇਤ ਹੋਰ ਅਹਿਮ ਪੰਥਕ ਅਤੇ ਪੰਜਾਬੀ ਮਸਲੇ ਸ਼ਾਮਲ ਸਨ। ਇਹ ਮਤੇ ਪਰਮ ਸਿੰਘ ਖਾਲਸਾ, ਸਰਪ੍ਰੀਤ ਸਿੰਘ ਕਾਉਂਕੇ, ਹਰਬਖਸ਼ ਸਿੰਘ ਡਾਂਗੋਂ, ਦਰਬਾਰ ਸਿੰਘ, ਪਰਮਜੀਤ ਸਿੰਘ ਧਰਮਸਿੰਘ ਵਾਲਾ ਅਤੇ ਦਿਲਬਾਗ ਸਿੰਘ ਵਿਰਕ ਵੱਲੋਂ ਪੇਸ਼ ਕੀਤੇ ਗਏ। ਇਸ ਮੌਕੇ ਸੰਤ-ਮਹਾਪੁਰਖਾਂ ’ਚ ਬਾਬਾ ਅਮਰਜੀਤ ਸਿੰਘ ਜੀ ਲੰਮਿਆਂ ਵਾਲੇ, ਬਾਬਾ ਬਲਵੀਰ ਸਿੰਘ ਲੰਮੇਜੱਟਪੁਰਾ, ਬਾਬਾ ਕੁਲਵੰਤ ਸਿੰਘ, ਬਾਬਾ ਹਰਦੀਪਕ ਸਿੰਘ ਟਿੱਬੇਵਾਲੇ, ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਪੁੱਤਰ ਹਰੀ ਸਿੰਘ ਕਾਉਂਕੇ, ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਮਨਦੀਪ ਸਿੰਘ, ਰਾਜਾ ਸਿੰਘ ਰੋਪੜ, ਰਾਜਪਾਲ ਸਿੰਘ, ਪਰਮਜੀਤ ਸਿੰਘ ਕਲਸੀ, ਗੁਰਨਾਮ ਸਿੰਘ ਫਿਰੋਜ਼ਪੁਰ, ਬਾਬਾ ਅਮਰਜੀਤ ਸਿੰਘ ਗਗੜਾ, ਧਰਮਿੰਦਰ ਸਿੰਘ ਮੁਕਤਸਰ ਸਾਹਿਬ, ਸਰਦੂਲ ਸਿੰਘ ਫਗਵਾੜਾ, ਮੋਹਣ ਸਿੰਘ ਰੋਪੜ, ਗੁਰਵਿੰਦਰ ਸਿੰਘ ਖੈਹਿਰਾ, ਕੁਲਜੀਤ ਸਿੰਘ ਧੰਜਲ ਆਦਿ ਹਾਜ਼ਰ ਸਨ।