- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰ ਦੀ ਲਪੇਟ ’ਚ ਆਉਣ ਕਾਰਨ 55 ਸਾਲਾ ਵਿਅਕਤੀ ਦੀ ਮੌਤ, ਚਾਲਕ ਫ਼ਰਾਰ

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ
ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਕੁਹਾੜਾ ਰੋਡ ’ਤੇ ਇੱਕ ਕਾਰ ਦੀ ਟੱਕਰ ਨਾਲ ਇੰਦਰਾ ਕਾਲੋਨੀ ਵਾਸੀ ਪੱਪੂ (55) ਦੀ ਮੌਤ ਹੋ ਗਈ। ਇਹ ਹਾਦਸਾ ਸ਼ਾਮ ਕਰੀਬ 5 ਵਜੇ ਕਪੂਰ ਪੈਲੇਸ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਪੱਪੂ ਸੜਕ ਦੇ ਕਿਨਾਰੇ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਪੱਪੂ ਹਰ ਰੋਜ਼ ਦੀ ਤਰ੍ਹਾਂ ਆਪਣੇ ਹੱਥ ਵਿੱਚ ਪੱਲ੍ਹੀ ਲੈ ਕੇ ਲੱਕੜੀਆਂ ਚੁਗਣ ਲਈ ਘਰੋਂ ਨਿਕਲਿਆ ਸੀ। ਉਹ ਅਜੇ ਕਪੂਰ ਪੈਲੇਸ ਨੇੜੇ ਸੜਕ ਕਿਨਾਰੇ ਲੱਕੜੀਆਂ ਇਕੱਠੀਆਂ ਕਰ ਹੀ ਰਿਹਾ ਸੀ ਕਿ ਇਸੇ ਦੌਰਾਨ ਇੱਕ ਕਾਰ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਪੱਪੂ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕੁਝ ਹੀ ਪਲਾਂ ਵਿੱਚ ਉਸ ਦੀ ਮੌਤ ਹੋ ਗਈ। ਟੱਕਰ ਕਾਰਨ ਕਾਰ ਨੂੰ ਵੀ ਨੁਕਸਾਨ ਪਹੁੰਚਿਆ, ਜਦਕਿ ਚਾਲਕ ਹਾਦਸੇ ਤੋਂ ਬਾਅਦ ਕਾਰ ਸਮੇਤ ਮੌਕੇ ਤੋਂ ਨਿਕਲ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਮਰਾਲਾ ਦੇ ਹਸਪਤਾਲ ਭੇਜ ਦਿੱਤਾ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਫ਼ਰਾਰ ਕਾਰ ਚਾਲਕ ਤੱਕ ਪਹੁੰਚਿਆ ਜਾ ਸਕੇ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।