43 ਮੋਬਾਈਲ ਤੇ 9 ਦੋਪਹੀਆ ਵਾਹਨ ਬਰਾਮਦ, ਛੇ ਮੁਲਜ਼ਮ ਕਾਬੂ 43 ਮੋਬਾਈਲ ਤੇ 9 ਦੋਪਹੀਆ ਵਾਹਨ ਬਰਾਮਦ, ਛੇ ਮੁਲਜ਼ਮ ਕਾਬੂ
Publish Date: Sat, 26 Sep 2026 08:53 PM (IST)
Updated Date: Sat, 26 Sep 2026 08:54 PM (IST)
-ਦੋ ਵੱਖ-ਵੱਖ ਮਾਮਲਿਆਂ ’ਚ ਦਰੇਸੀ ਪੁਲਿਸ ਤੇ ਸੀਆਈਏ ਸਟਾਫ ਦੀ ਕਾਰਵਾਈ -ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਨਾਲ ਸਬੰਧ ਜੋੜਨ ਲਈ ਜਾਂਚ ਜਾਰੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸ਼ਹਿਰ ’ਚ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵੱਖ-ਵੱਖ ਗਿਰੋਹਾਂ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕਰਦਿਆਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 43 ਮੋਬਾਈਲ ਫੋਨ ਤੇ 9 ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ ’ਚ ਮੋਟਰਸਾਈਕਲਾਂ ਤੇ ਸਕੂਟਰ ਸ਼ਾਮਲ ਹਨ। ਪੁਲਿਸ ਹੁਣ ਬਰਾਮਦ ਸਮਾਨ ਨੂੰ ਸ਼ਹਿਰ ’ਚ ਹੋਈਆਂ ਹੋਰ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਨਾਲ ਜੋੜ ਕੇ ਜਾਂਚ ਕਰ ਰਹੀ ਹੈ। -------- ਦਰੇਸੀ ਪੁਲਿਸ ਨੇ ਤਿੰਨ ਮੁਲਜ਼ਮ ਫੜੇ: ਪਹਿਲੇ ਮਾਮਲੇ |ਚ ਦਰੇਸੀ ਪੁਲਿਸ ਨੇ ਦਰਜ ਮੁਕੱਦਮੇ ਦੀ ਜਾਂਚ ਦੌਰਾਨ ਮਨਪ੍ਰੀਤ ਸਿੰਘ ਉਰਫ਼ ਮਨੀ, ਮਨੀਸ਼ ਕੁਮਾਰ ਉਰਫ਼ ਸੋਨੂ ਤੇ ਰੋਹਿਤ ਲੂਥਰਾ ਉਰਫ਼ ਮੋਟਾ ਨੂੰ ਗ੍ਰਿਫ਼ਤਾਰ ਕੀਤਾ। ਤਿੰਨਾਂ ਦੇ ਕਬਜ਼ੇ ’ਚੋਂ 23 ਮੋਬਾਈਲ ਫੋਨ ਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਤੇ ਮਨੀਸ਼ ਕੁਮਾਰ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਇਨ੍ਹਾਂ ’ਚ ਨਸ਼ਿਆਂ ਤੇ ਹਿੰਸਕ ਅਪਰਾਧਾਂ ਨਾਲ ਸਬੰਧਤ ਮਾਮਲੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰੋਹਿਤ ਲੂਥਰਾ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। ------- ਸਾਹਨੇਵਾਲ ’ਚ ਸੀਆਈਏ ਸਟਾਫ ਦੀ ਕਾਰਵਾਈ, ਤਿੰਨ ਕਾਬੂ : ਦੂਜੇ ਮਾਮਲੇ ’ਚ ਸੀਆਈਏ ਸਟਾਫ ਨੇ ਸਾਹਨੇਵਾਲ ਇਲਾਕੇ ’ਚ ਕਾਰਵਾਈ ਕਰਦਿਆਂ ਪਿਊਸ਼ ਉਰਫ਼ ਕੱਲੂ, ਅਨਮੋਲ ਬੋਹਤ ਤੇ ਅਵਿਨਾਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ 5 ਚੋਰੀਸ਼ੁਦਾ ਮੋਬਾਈਲ ਫੋਨ ਤੇ ਇੱਕ ਹੌਂਡਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਡੀਸੀਪੀ (ਇਨਵੈਸਟੀਗੇਸ਼ਨ) ਹਰਪਾਲ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਅੱਗੇ ਵਧਾਉਣ ’ਤੇ 26 ਸਤੰਬਰ ਨੂੰ ਪੁਲਿਸ ਨੇ ਮੁਲਜ਼ਮਾਂ ਤੋਂ ਹੋਰ 15 ਮੋਬਾਈਲ ਫੋਨ, 7 ਮੋਟਰਸਾਈਕਲ ਤੇ ਇਕ ਕਾਲੀ ਹੌਂਡਾ ਐਕਟਿਵਾ ਬਰਾਮਦ ਕੀਤੀ। ਇਸ ਤਰ੍ਹਾਂ ਸਾਹਨੇਵਾਲ ਮਾਮਲੇ ’ਚ ਕੁੱਲ 20 ਮੋਬਾਈਲ ਫੋਨ ਤੇ 9 ਦੋਪਹੀਆ ਵਾਹਨ ਬਰਾਮਦ ਹੋ ਚੁੱਕੇ ਹਨ। ਪੁਲਿਸ ਮੁਤਾਬਕ ਮੁਲਜ਼ਮਾਂ ’ਚ ਸ਼ਾਮਲ ਅਨਮੋਲ ਬੋਹਤ ਨੂੰ ਇਸ ਤੋਂ ਪਹਿਲਾਂ ਚੋਰੀ ਦੇ ਇਕ ਮਾਮਲੇ ’ਚ ਸਜ਼ਾ/ਕਾਰਵਾਈ ਭੁਗਤਣ ਤੋਂ ਬਾਅਦ 29 ਜੁਲਾਈ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਸਾਹਨੇਵਾਲ ਮਾਮਲੇ ’ਚ ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ। ਜਾਂਚ ਅਧਿਕਾਰੀ ਹੁਣ ਇਹ ਪਤਾ ਲਗਾਉਣ ’ਚ ਜੁਟੇ ਹੋਏ ਹਨ ਕਿ ਮੁਲਜ਼ਮਾਂ ਦੀ ਸ਼ਹਿਰ ’ਚ ਸਾਹਮਣੇ ਆਈਆਂ ਹੋਰ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ’ਚ ਵੀ ਕੋਈ ਭੂਮਿਕਾ ਹੈ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।