ਸੀਟੀ ਯੂਨੀਵਰਸਿਟੀ ਵਿਖੇ 400 ਪ੍ਰਿੰਸੀਪਲਜ਼ ਸਨਮਾਨਿਤ ਸੀਟੀ ਯੂਨੀਵਰਸਿਟੀ ਵਿਖੇ 400 ਪ੍ਰਿੰਸੀਪਲਜ਼ ਸਨਮਾਨਿਤ
Publish Date: Tue, 18 Aug 2026 06:52 PM (IST)
Updated Date: Wed, 19 Aug 2026 04:01 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਸੀਟੀ ਯੂਨੀਵਰਸਿਟੀ ਵਿਖੇ ਸਿੱਖਿਆ ਦੇ ਖੇਤਰ ’ਚ ਬਾਕਮਾਲ ਸੇਵਾਵਾਂ ਨਿਭਾਉਣ ਵਾਲੇ ਸੂਬੇ ਦੇ 400 ਸਿੱਖਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿੱਖਿਆ ਗੁਰੂਆਂ ਦੇ ਸਨਮਾਨ ’ਚ ਵਿਦਿਆਰਥੀ ਕਲਾਕਾਰਾਂ ਨੇ ਗਿੱਧੇ, ਭੰਗੜੇ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਰੰਗ ਬੰਨਿ੍ਹਆ। ਇਸ ਸਨਮਾਨ ਸਮਾਗਮ ਵਿਚ ਸੂਬੇ ਭਰ ਦੇ ਵੱਖ-ਵੱਖ ਸਕੂਲਾਂ ਤੋਂ 400 ਤੋਂ ਵੱਧ ਪ੍ਰਿੰਸੀਪਲਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਹਿੱਸਾ ਲਿਆ। ਕਾਨਫਰੰਸ ਦਾ ਮੁੱਖ ਮਨੋਰਥ ਸਿੱਖਿਆ ਦੇ ਖੇਤਰ ਵਿੱਚ ਪ੍ਰਿੰਸੀਪਲਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿਚਕਾਰ ਮਜ਼ਬੂਤ ਸਬੰਧ ਸਥਾਪਿਤ ਕਰਨਾ ਸੀ, ਜਿਸ ’ਚ ਸਿੱਖਿਆ ਗੁਰੂਆਂ ਨੇ ਵਿਚਾਰ-ਵਟਾਂਦਰੇ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਿੱਖਿਆ ਦੇ ਭਵਿੱਖ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲਾਂ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਕਿਹਾ ਗਿਆ ਕਿ ਉਹ ਵਿਦਿਆਰਥੀਆਂ ਦੇ ਸ਼ਖ਼ਸੀਅਤ ਨਿਰਮਾਣ, ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨ ਅਤੇ ਉੱਚ ਸਿੱਖਿਆ ਤੇ ਪੇਸ਼ੇਵਰ ਕਰੀਅਰ ਲਈ ਮਜ਼ਬੂਤ ਨੀਂਹ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਯੂਨੀਵਰਸਿਟੀ ਦੇ ਸਕੂਲ ਕਨੈਕਟ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪਹਿਲ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚਕਾਰ ਦੀ ਦੂਰੀ ਨੂੰ ਘਟਾਉਣ ਅਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਨਾਲ ਬਿਹਤਰ ਢੰਗ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਡਾ. ਆਸ਼ੀਸ਼ ਰੈਨਾ ਨੇ ਆਪਣੇ ਸੰਬੋਧਨ ਵਿੱਚ ਹੋਟਲ ਮੈਨੇਜਮੈਂਟ ਰਾਹੀਂ ਵਿਦੇਸ਼ਾਂ ’ਚ ਕਰੀਅਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਾਸਪਿਟੈਲਿਟੀ ਖੇਤਰ ਵਿੱਚ ਵੱਧ ਰਹੇ ਮੌਕਿਆਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਅੰਤਰਰਾਸ਼ਟਰੀ ਸਿੱਖਿਆ, ਪੇਸ਼ੇਵਰ ਸਿਖਲਾਈ ਅਤੇ ਵਿਸ਼ਵ ਪੱਧਰ ’ਤੇ ਕਰੀਅਰ ਦੇ ਮੌਕਿਆਂ ਦਾ ਲਾਭ ਲੈ ਸਕਦੇ ਹਨ।