ਦੁਬਈ ਤੋਂ ਪਰਤੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੁਬਈ ਤੋਂ ਪਰਤੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
Publish Date: Thu, 19 Nov 2026 07:41 PM (IST)
Updated Date: Fri, 20 Nov 2026 04:10 AM (IST)
* ਰਿਸ਼ਤੇਦਾਰ ’ਤੇ ਨਸ਼ੇ ਦਾ ਟੀਕਾ ਲਗਾਉਣ ਦੇ ਦੋਸ਼, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਜਾਂਚ ਕੀਤੀ ਸ਼ੁਰੂ ਪੀ 03 : ਮ੍ਰਿਤਕ ਗਗਨਦੀਪ ਸਿੰਘ ਦੀ ਫਾਈਲ ਤਸਵੀਰ। ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਮਾਂਗਟ ਕਾਲੋਨੀ ’ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਦੁਬਈ ਤੋਂ ਆਏ ਵਿਆਹੇ ਨੌਜਵਾਨ ਗਗਨਦੀਪ ਸਿੰਘ (28) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਮਾਛੀਵਾੜਾ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਬੇਹੋਸ਼ ਮਿਲਿਆ ਸੀ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਦੱਸਿਆ ਕਿ ਗਗਨਦੀਪ ਕਰੀਬ ਇਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਦੀਵਾਲੀ ਮਨਾਉਣ ਲਈ ਘਰ ਆਇਆ ਸੀ। ਉਹ ਬੁੱਧਵਾਰ ਸਵੇਰੇ 6:30 ਵਜੇ ਘਰੋਂ ਨਿਕਲਿਆ ਸੀ। ਕੁਝ ਸਮੇਂ ਬਾਅਦ ਉਸ ਦੇ ਪੁਰਾਣੀ ਸਬਜ਼ੀ ਮੰਡੀ ਕੋਲ ਮ੍ਰਿਤਕ ਹਾਲਤ ’ਚ ਪਏ ਹੋਣ ਦੀ ਖ਼ਬਰ ਮਿਲੀ। ਹਸਪਤਾਲ ’ਚ ਪਰਿਵਾਰਕ ਮੈਂਬਰਾਂ ਨੇ ਉਸ ਦੀ ਬਾਂਹ ’ਤੇ ਟੀਕੇ ਦੇ ਨਿਸ਼ਾਨ ਦੇਖਣ ਦਾ ਦਾਅਵਾ ਕਰਦਿਆਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਸ਼ੱਕ ਜਤਾਇਆ। ਉਨ੍ਹਾਂ ਆਪਣੇ ਹੀ ਰਿਸ਼ਤੇਦਾਰ, ਮਾਮੇ ਦੇ ਪੁੱਤਰ ’ਤੇ ਗਗਨਦੀਪ ਨੂੰ ਨਸ਼ੇ ਦਾ ਟੀਕਾ ਲਗਾਉਣ ਦੇ ਦੋਸ਼ ਵੀ ਲਗਾਏ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਮੁਖੀ ਅਨੁਸਾਰ ਪਰਿਵਾਰ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰਦਿਆਂ ਗਗਨਦੀਪ ਦੇ ਮਾਮੇ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।