- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ 23 ਨਿਆਂਇਕ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।

ਜਾਸ, ਲੁਧਿਆਣਾ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ 23 ਨਿਆਂਇਕ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।
ਲੁਧਿਆਣਾ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਯੁਕਤੀ ਗੋਇਲ ਨੂੰ ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ ਹੈ। ਡੀਕੇ ਵਾਧਵਾ ਨੂੰ ਮੁਹਾਲੀ ਦੀ ਨਵੀਂ ਐੱਨਆਈਏ ਵਿਸ਼ੇਸ਼ ਅਦਾਲਤ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਰੂ ਮਹਿਤਾ ਕੌਸ਼ਿਕ ਨੂੰ ਤਰੱਕੀ ਦੇ ਕੇ ਲੁਧਿਆਣਾ ਦੀ ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ ਲਾਇਆ ਗਿਆ ਹੈ, ਜਦਕਿ ਰਮਨ ਕੁਮਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਯੁਕਤ ਕੀਤਾ ਗਿਆ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੇ ਤਬਾਦਲਿਆਂ ਤਹਿਤ ਕੰਵਲਜੀਤ ਸਿੰਘ ਬਾਜਵਾ ਨੂੰ ਤਰਨਤਾਰਨ ਤੋਂ ਚੰਡੀਗੜ੍ਹ, ਮਨਜਿੰਦਰ ਸਿੰਘ ਨੂੰ ਮਾਨਸਾ ਤੋਂ ਬਠਿੰਡਾ, ਹਰਬੰਸ ਸਿੰਘ ਲੇਖੀ ਨੂੰ ਹੁਸ਼ਿਆਰਪੁਰ ਤੋਂ ਗੁਰਦਾਸਪੁਰ, ਹਰਿੰਦਰ ਸਿੱਧੂ ਨੂੰ ਚੰਡੀਗੜ੍ਹ ਤੋਂ ਮਾਨਸਾ, ਹਰਜੀਤ ਸਿੰਘ ਨੂੰ ਪਟਿਆਲਾ ਤੋਂ ਬਠਿੰਡਾ ਅਤੇ ਰਾਜੇਸ਼ ਕੁਮਾਰ ਨੂੰ ਬਠਿੰਡਾ ਤੋਂ ਤਰਨਤਾਰਨ ਭੇਜਿਆ ਗਿਆ ਹੈ। ਕਰੁਣੇਸ਼ ਕੁਮਾਰ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੁਹਾਲੀ ਦਾ ਮੈਂਬਰ ਸਕੱਤਰ ਲਾਇਆ ਗਿਆ ਹੈ। ਰਾਜਵਿੰਦਰ ਕੌਰ ਨੂੰ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਉਦਯੋਗਿਕ ਟ੍ਰਿਬਿਊਨਲ ਦੀ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਬਲਜਿੰਦਰ ਸਿੰਘ-ਦੂਜਾ ਨੂੰ ਫਾਜ਼ਿਲਕਾ, ਰਾਕੇਸ਼ ਕੁਮਾਰ ਗੁਪਤਾ ਨੂੰ ਕਪੂਰਥਲਾ ਦਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਡਾ. ਅਜੀਤ ਅਤਰੀ ਨੂੰ ਸੁਪਰੀਮ ਕੋਰਟ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।
ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਿਆਂ ਲਈ ਜਗਦੀਪ ਕੌਰ ਵਿਰਕ ਅਤੇ ਪ੍ਰਸ਼ਾਂਤ ਵਰਮਾ ਨੂੰ ਵਿਸ਼ੇਸ਼ ਅਦਾਲਤਾਂ ਵਿੱਚ ਲਾਇਆ ਗਿਆ ਹੈ। ਕੁਲਭੂਸ਼ਣ ਕੁਮਾਰ ਨੂੰ ਬਠਿੰਡਾ ਅਤੇ ਹਰਗੁਰਜੀਤ ਕੌਰ ਨੂੰ ਮਾਨਸਾ ਵਿੱਚ ਜਬਰ-ਜਨਾਹ ਤੇ ਪੋਕਸੋ ਮਾਮਲਿਆਂ ਦੀ ਫਾਸਟ ਟਰੈਕ ਅਦਾਲਤਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਡਾ. ਹਰਪ੍ਰੀਤ ਕੌਰ ਨੂੰ ਪਠਾਨਕੋਟ ਦੀ ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ ਅਤੇ ਜਸਬੀਰ ਕੌਰ ਨੂੰ ਇਸੇ ਅਦਾਲਤ ਵਿੱਚ ਵਧੀਕ ਨਿਆਂਇਕ ਅਧਿਕਾਰੀ ਲਾਇਆ ਗਿਆ ਹੈ। ਅਮਨਪ੍ਰੀਤ ਸਿੰਘ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਯੁਕਤ ਕੀਤਾ ਗਿਆ ਹੈ।