ਰੋਟਾਵੇਟਰ 'ਚ ਆਉਣ ਨਾਲ ਅੱਲ੍ਹੜ ਦੀ ਮੌਤ
16 ਸਾਲਾਂ ਨੌਜਵਾਨ ਦੀ ਰੋਟਾਵੇਟਰ 'ਚ ਆਉਣ ਨਾਲ ਹੋਈ ਦਰਦਨਾਕ ਮੌਤ
Publish Date: Fri, 14 Aug 2026 08:17 PM (IST)
Updated Date: Sat, 15 Aug 2026 04:06 AM (IST)
ਪੀ 07: ਮ੍ਰਿਤਕ ਕਰਨ ਭੱਟੀ ਦੀ ਪੁਰਾਣੀ ਤਸਵੀਰ। ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸਮਰਾਲਾ ਨੇੜਲੇ ਪਿੰਡ ਹਰਿਓ ਖੁਰਦ ਵਿਖੇ ਖੇਤਾਂ ਚ ਕੰਮ ਕਰਦਿਆਂ ਇਕ ਨੌਜਵਾਨ ਦੀ ਰੋਟਾਵੇਟਰ ਥੱਲੇ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਭੱਟੀ (16) ਵਾਸੀ ਪਿੰਡ ਹਰਿਓ ਖੁਰਦ ਵਜੋਂ ਹੋਈ ਹੈ, ਉਹ ਆਪਣੀਆਂ ਦੋਵੇਂ ਭੈਣਾਂ ਦਾ ਇਕਲੌਤਾ ਭਰਾ ਸੀ। ਰੱਖੜੀ ਤੋਂ ਕੁਝ ਦਿਨ ਪਹਿਲਾਂ ਇਹ ਘਟਨਾ ਵਾਪਰਨ ਨਾਲ ਦੋਨੋਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਿੰਡ ਹਰਿਓ ਖੁਰਦ ਵਾਸੀ ਕਰਨ ਭੱਟੀ ਦਾ ਪਰਿਵਾਰ ਵੱਡੇ ਪੱਧਰ ਤੇ ਖੇਤੀਬਾੜੀ ਕਰਦਾ ਹੈ। ਘਟਨਾ ਵਾਲੇ ਦਿਨ ਕਰਨ ਭੱਟੀ ਦਾ ਚਾਚਾ ਖੇਤਾਂ ’ਚ ਟਰੈਕਟਰ ’ਤੇ ਰੋਟਾਵੇਟਰ ਪਾ ਕੇ ਖੇਤ ਵਾਹ ਰਿਹਾ ਸੀ। ਕਰਨ ਆਪਣੇ ਚਾਚੇ ਦੇ ਲੜਕੇ ਨਾਲ ਖੇਤਾਂ ’ਚ ਹੀ ਮੌਜੂਦ ਸੀ। ਖੇਤ ’ਚ ਕੰਮ ਦੌਰਾਨ ਜ਼ਮੀਨ ਵਿਚੋਂ ਕਿਸੇ ਇੱਟ-ਰੋੜੇ ਜਾਂ ਰੁਕਾਵਟ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਸਮੇਂ ਕਰਨ ਅਚਾਨਕ ਚੱਲਦੇ ਰੋਟਾਵੇਟਰ ਦੀ ਲਪੇਟ ’ਚ ਆ ਗਿਆ। ਰੋਟਾਵੇਟਰ ਦੇ ਬਲੇਡਾਂ ਦੀ ਸਪੀਡ ਐਨੀ ਤੇਜ਼ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਤੇ ਉਹ ਮਸ਼ੀਨਰੀ ’ਚ ਹੀ ਫਸ ਗਿਆ, ਜਿਸ ਦੇ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਖ਼ਬਰ ਫੈਲਦਿਆਂ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ।