
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

16 ਸਾਲਾ ਨਾਬਾਲਗ ਲੜਕੀ ਲਾਪਤਾ, 8 ਦਿਨ ਬਾਅਦ ਵੀ ਨਹੀਂ ਮਿਲਿਆ ਸੁਰਾਗ

-ਪਰਿਵਾਰ ਨੇ ਚੌਕੀ ਕੰਗਣਵਾਲ ਦੇ ਬਾਹਰ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ, ਪੁਲਿਸ ’ਤੇ ਦੇਰੀ ਦੇ ਦੋਸ਼
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਥਾਣਾ ਸਾਹਨੇਵਾਲ ਅਧੀਨ ਪੈਂਦੇ ਹਰਪਾਲ ਨਗਰ ਇਲਾਕੇ ਤੋਂ 16 ਸਾਲਾ ਨਾਬਾਲਗ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ 11 ਅਗਸਤ ਦੀ ਸਵੇਰ ਕਰੀਬ ਸਾਢੇ 9 ਵਜੇ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰ ਵੱਲੋਂ ਉਸੇ ਰਾਤ ਕਰੀਬ 11 ਵਜੇ ਚੌਕੀ ਕੰਗਣਵਾਲ ਵਿਖੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। 8 ਦਿਨ ਬੀਤ ਜਾਣ ਦੇ ਬਾਵਜੂਦ ਲੜਕੀ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਦਾ ਰੋਸ ਭੜਕ ਗਿਆ ਤੇ ਉਨ੍ਹਾਂ ਨੇ ਚੌਕੀ ਕੰਗਣਵਾਲ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਚੌਕੀ ਇੰਚਾਰਜ ਐੱਸਆਈ ਕਰਮਜੀਤ ਸਿੰਘ ਵੱਲੋਂ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਰਜੀਤ ਸਿੰਘ ਵੱਲੋਂ ਲੜਕੀ ਦੀ ਭਾਲ ਲਈ ਉਮੀਦ ਮੁਤਾਬਕ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਅੱਠ ਦਿਨ ਬਾਅਦ ਵੀ ਪਰਿਵਾਰ ਨੂੰ ਲੜਕੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਧਰਨੇ ਦੀ ਸੂਚਨਾ ਮਿਲਣ ’ਤੇ ਚੌਕੀ ਇੰਚਾਰਜ ਐੱਸਆਈ ਕਰਮਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀ ਪਰਿਵਾਰ ਨਾਲ ਗੱਲ ਕੀਤੀ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਨਾਬਾਲਗ ਲੜਕੀ ਦੀ ਭਾਲ ਲਈ ਜਲਦ ਤੋਂ ਜਲਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਵਾਰਡ ਨੰਬਰ 33 ਦੀ ਕੌਂਸਲਰ ਕੁਲਦੀਪ ਕੌਰ ਦੇ ਪਤੀ ਤੇ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕਾਂਤੀ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਪੁਲਿਸ ਚੌਕੀ ਪਹੁੰਚੇ ਤਾਂ ਉਨ੍ਹਾਂ ਵੱਲੋਂ ਮਾਮਲੇ ਵਿੱਚ ਹੋ ਰਹੀ ਦੇਰੀ ਦਾ ਕਾਰਨ ਪੁੱਛਿਆ, ਪਰ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਦੂਜੇ ਪੱਖ ਨੂੰ ਏਸੀ ਕਮਰੇ ’ਚ ਬਿਠਾਇਆ, ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਵੱਲੋਂ ਪੱਖਪਾਤ ਕੀਤੇ ਜਾਣ ਦਾ ਸ਼ੱਕ ਪੈਦਾ ਹੋਇਆ। ਪਰਿਵਾਰ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 16 ਸਾਲਾ ਨਾਬਾਲਿਗਾ ਦੀ ਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤੇ ਉਸ ਨੂੰ ਜਲਦ ਪਰਿਵਾਰ ਕੋਲ ਲਿਆਂਦਾ ਜਾਵੇ।