- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਪੱਧਰੀ ਮੈਚ ਦੇ ਇਕ ਦਿਨ ਪਹਿਲਾਂ ਹੀ ਸੜਕ ਹਾਦਸੇ ਨੇ ਖੋਹ ਲਈ 14 ਸਾਲਾ ਹੈਂਡਬਾਲ ਖਿਡਾਰਨ

-ਪ੍ਰੈਕਟਿਸ ਲਈ ਸਕੂਟਰ ’ਤੇ ਰਿਸ਼ਤੇਦਾਰ ਨਾਲ ਜਾ ਰਹੀ ਅੰਸ਼ਿਕਾ ਰਾਏ ਟਰਾਲੀ ਦੀ ਲਪੇਟ ’ਚ ਆ ਕੇ ਗੰਭੀਰ ਜ਼ਖ਼ਮੀ, ਡੀਐਮਸੀ ’ਚ ਤੋੜਿਆ ਦਮ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੀ ਜੱਸੀਆਂ ਰੋਡ ’ਤੇ ਸੋਮਵਾਰ ਸ਼ਾਮ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇਕ ਹੋਣਹਾਰ ਹੈਂਡਬਾਲ ਖਿਡਾਰਨ ਦੇ ਸੁਪਨਿਆਂ ਨੂੰ ਹਮੇਸ਼ਾ ਲਈ ਖਾਮੋਸ਼ ਕਰ ਦਿੱਤਾ। ਐਲਪਾਈਨ ਸਕੂਲ ਦੀ 9ਵੀਂ ਜਮਾਤ ਵਿੱਚ ਪੜ੍ਹਦੀ 14 ਸਾਲਾ ਅੰਸ਼ਿਕਾ ਰਾਏ ਜੋ ਹੈਂਡਬਾਲ ਦੀ ਬਿਹਤਰੀਨ ਖਿਡਾਰਨ ਵਜੋਂ ਆਪਣੀ ਪਛਾਣ ਬਣਾ ਰਹੀ ਸੀ, ਉਸ ਨੇ ਅਗਲੇ ਦਿਨ ਬਠਿੰਡਾ ਵਿੱਚ ਹੋਣ ਵਾਲੇ ਸੂਬਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਾ ਸੀ। ਜਿਸ ਮੈਚ ਲਈ ਉਹ ਦਿਨ-ਰਾਤ ਮਿਹਨਤ ਕਰ ਰਹੀ ਸੀ, ਉਸੇ ਦੀ ਪ੍ਰੈਕਟਿਸ ਲਈ ਜਾਂਦਿਆਂ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਪਰਿਵਾਰ ਨੇ ਜਿਸ ਧੀ ਨੂੰ ਖੇਡ ਦੇ ਮੈਦਾਨ ਵਿੱਚ ਆਪਣਾ ਹੁਨਰ ਦਿਖਾਉਣ ਲਈ ਬਠਿੰਡਾ ਰਵਾਨਾ ਕਰਨਾ ਸੀ, ਉਸੇ ਧੀ ਦੀ ਮੌਤ ਦੀ ਖ਼ਬਰ ਨੇ ਘਰ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਪਸਾਰ ਦਿੱਤਾ। ਜਾਣਕਾਰੀ ਮੁਤਾਬਕ ਅੰਸ਼ਿਕਾ ਸੋਮਵਾਰ ਸ਼ਾਮ ਆਪਣੇ ਇੱਕ ਰਿਸ਼ਤੇਦਾਰ ਨਾਲ ਸਕੂਟਰ ’ਤੇ ਹੈਂਡਬਾਲ ਦੀ ਪ੍ਰੈਕਟਿਸ ਲਈ ਐਲਪਾਈਨ ਸਕੂਲ ਵੱਲ ਜਾ ਰਹੀ ਸੀ। ਦੋਵੇਂ ਜੱਸੀਆਂ ਰੋਡ ’ਤੇ ਭਲਵਾਨ ਦੇ ਢਾਬੇ ਨੇੜੇ ਪਹੁੰਚੇ ਤਾਂ ਇਸੇ ਦੌਰਾਨ ਸਾਹਮਣੇ ਤੋਂ ਇੱਕ ਮੋਟਰਸਾਈਕਲ ਆ ਗਿਆ। ਚੌਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਸੀ। ਇਸੇ ਸਮੇਂ ਕੋਲੋਂ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਵੀ ਲੰਘ ਰਹੀ ਸੀ। ਸਥਿਤੀ ਨੂੰ ਦੇਖਦਿਆਂ ਮੋਟਰਸਾਈਕਲ ਅਤੇ ਸਕੂਟਰ ਸਵਾਰ ਨੇ ਅਚਾਨਕ ਬਰੇਕ ਲਗਾਈ।
ਅਚਾਨਕ ਬਰੇਕ ਲੱਗਣ ਕਾਰਨ ਸਕੂਟਰ ’ਤੇ ਪਿੱਛੇ ਬੈਠੀ ਅੰਸ਼ਿਕਾ ਸੜਕ ’ਤੇ ਡਿੱਗ ਪਈ। ਇਸੇ ਦੌਰਾਨ ਉਹ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆ ਗਈ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਗੰਭੀਰ ਜ਼ਖ਼ਮੀ ਅੰਸ਼ਿਕਾ ਨੂੰ ਤੁਰੰਤ ਇਲਾਜ ਲਈ ਡੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੰਭੀਰ ਸੱਟਾਂ ਕਾਰਨ ਉਸ ਦੀ ਜਾਨ ਨਹੀਂ ਬਚ ਸਕੀ।
-ਬਾਕਸ-
-ਜਿਸ ਮੈਚ ਦੀ ਤਿਆਰੀ ਕਰ ਰਹੀ ਸੀ, ਉਸ ਤੋਂ ਪਹਿਲਾਂ ਹੀ ਛੱਡ ਗਈ ਦੁਨੀਆ
ਅੰਸ਼ਿਕਾ ਹੈਂਡਬਾਲ ਦੀ ਚੰਗੀ ਖਿਡਾਰਨ ਸੀ ਅਤੇ ਬਠਿੰਡਾ ਵਿੱਚ ਹੋਣ ਵਾਲੇ ਸੂਬਾ ਪੱਧਰੀ ਮੁਕਾਬਲੇ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਸੀ। ਉਹ ਐਲਪਾਈਨ ਸਕੂਲ ਵਿੱਚ ਹੀ ਖੇਡ ਦੀ ਪ੍ਰੈਕਟਿਸ ਕਰਦੀ ਸੀ ਅਤੇ ਮੁਕਾਬਲੇ ਲਈ ਪੂਰੀ ਤਿਆਰੀ ਵਿੱਚ ਜੁਟੀ ਹੋਈ ਸੀ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਮੈਚ ਤੋਂ ਠੀਕ ਇਕ ਦਿਨ ਪਹਿਲਾਂ ਹੀ ਇੱਕ ਸੜਕ ਹਾਦਸਾ ਉਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਬਣ ਜਾਵੇਗਾ।
-ਪ੍ਰਿੰਟਿੰਗ ਪ੍ਰੈੱਸ ਦਾ ਕੰਮ ਕਰਦੇ ਹਨ ਪਿਤਾ, ਘਰ ’ਚ ਛਾਇਆ ਮਾਤਮ
ਅੰਸ਼ਿਕਾ ਦੇ ਪਿਤਾ ਅਮਿਤ ਰਾਏ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ, ਜਦਕਿ ਉਸ ਦੀ ਮਾਂ ਘਰੇਲੂ ਔਰਤ ਹੈ। ਪਰਿਵਾਰ ਵਿੱਚ ਅੰਸ਼ਿਕਾ ਦਾ ਛੋਟਾ ਭਰਾ ਵੀ ਹੈ, ਜੋ ਉਸੇ ਨਾਲ 9ਵੀਂ ਜਮਾਤ ਵਿੱਚ ਪੜ੍ਹਦਾ ਹੈ। ਅੰਸ਼ਿਕਾ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਿਸ ਧੀ ਦੇ ਸਟੇਟ ਪੱਧਰੀ ਮੈਚ ਵਿੱਚ ਖੇਡਣ ਦੀ ਉਡੀਕ ਪਰਿਵਾਰ ਕਰ ਰਿਹਾ ਸੀ, ਉਸ ਦੀ ਅਰਥੀ ਦੇਖਣੀ ਪਈ।
ਚੌਂਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।