ਸੱਤਿਆ ਭਾਰਤੀ ਸਕੂਲ ’ਚ ਤਿੰਨ ਰੋਜ਼ਾ ਕੈਂਪ ਦੌਰਾਨ 1300 ਵਿਦਿਆਰਥੀਆਂ ਦਾ ਹੋਇਆ ਚੈੱਕਅਪ
ਸੱਤਿਆ ਭਾਰਤੀ ਸਕੂਲ ਵਿਚ ਤਿੰਨ ਰੋਜਾ ਕੈਂਪ ਦੌਰਾਨ 1300 ਵਿਦਿਆਰਥੀਆਂ ਦਾ ਹੋਇਆ ਚੈੱਕਅਪ
Publish Date: Thu, 26 Mar 2026 07:54 PM (IST)
Updated Date: Thu, 26 Mar 2026 07:56 PM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਪਿੰਡ ਸ਼ੇਰਪੁਰ ਕਲਾਂ ਦੇ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ’ਚ ਲਾਇਨ ਯੂਥ ਕਲੱਬ ਜਗਰਾਓਂ ਵੱਲੋਂ ਏਕ ਜੋਤ ਨਰਸਿੰਗ ਇੰਸਟੀਚਿਊਟ ਸਵੱਦੀ ਖੁਰਦ ਦੇ ਸਹਿਯੋਗ ਨਾਲ ਲਗਾਏ ਗਏ ਤਿੰਨ ਰੋਜਾ ਅੱਖਾਂ ਅਤੇ ਮੈਡੀਕਲ ਚੈੱਕਅਪ ਕੈਂਪ ਵਿਚ 1300 ਵਿਦਿਆਰਥੀਆਂ ਦਾ ਚੈਕਅਪ ਹੋਇਆ। ਇਸ ਕੈਂਪ ਵਿਚ ਮਾਹਰ ਡਾਕਟਰਾਂ ਨੇ ਬੱਚਿਆਂ ਨੂੰ ਅੱਖਾਂ ਦੀ ਦੇਖਭਾਲ ਅਤੇ ਸ਼ਰੀਰਕ ਤੰਦਰੁਸਤੀ ਦੇ ਗੁਰ ਦੱਸੇ। ਲਾਇਨ ਯੂਥ ਕਲੱਬ ਜਗਰਾਓਂ ਦੇ ਪ੍ਰਧਾਨ ਰਾਜਿੰਦਰ ਜੈਨ ਕਾਕਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਏਕ ਜੋਤ ਨਰਸਿੰਗ ਇੰਸਟੀਚਿਊਟ ਦੇ ਡਾ. ਪਰਮਿੰਦਰ ਸਿੰਘ ਅਤੇ ਗਗਨਦੀਪ ਕੌਰ ਨੇ ਉਦਘਾਟਨ ਕੀਤਾ। ਤਿੰਨ ਰੋਜਾ ਕੈਂਪ ਵਿਚ ਸਤਲੁਜ ਅੱਖਾਂ ਦੇ ਹਸਪਤਾਲ ਦੇ ਡਾ. ਲਬੀਨਾ ਗਰਗ ਦੀ ਅਗਵਾਈ ਹੇਠ ਟੀਮ ਨੇ ਵਿਦਿਆਰਥੀਆਂ ਦੀ ਅੱਖਾਂ ਦਾ ਸਕਰੀਨਿੰਗ ਚੈੱਕਅਪ ਕੀਤਾ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਅੱਖਾਂ ਦੀ ਦੇਖਭਾਲ ਪ੍ਰਤੀ ਜਾਗਰੂਕ ਕਰਦਿਆਂ ਸਮੇਂ ਸਮੇਂ ਸਿਰ ਇਸ ਦੀ ਜਾਂਚ, ਅੱਖਾਂ ਦੀਆਂ ਬੀਮਾਰੀਆਂ ਦੇ ਬਚਾਅ ਅਤੇ ਇਲਾਜ ਸਬੰਧੀ ਵੀ ਜਾਣਕਾਰੀ ਦਿੱਤੀ। ਮੈਡੀਸਨ ਦੇ ਮਾਹਰ ਡਾ. ਗੁਰਸਿਮਰਨ ਸਿੰਘ ਨੇ ਵਿਦਿਆਰਥੀਆਂ ਦਾ ਚੈਕਅਪ ਕਰਦਿਆਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਰੋਜਾਨਾ ਕਸਰਤ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਉਨ੍ਹਾਂ ਵਿਦਿਆਰਥੀਆਂ ਨੂੂੰ ਜੰਕ ਫੂਡ ਤੋਂ ਦੂਰ ਰਹਿੰਦਿਆਂ ਪੌਸ਼ਟਿਕ ਆਹਾਰ ਦੇ ਫਾਇਦੇ ਵੀ ਦੱਸੇ। ਉਨ੍ਹਾਂ ਪੜ੍ਹਾਈ ਦੇ ਬੋਝ ਹੇਠ ਤਣਾਅ ਤੋਂ ਦੂਰ ਰਹਿਣ ਅਤੇ ਤਣਾਅਮੁਕਤ ਰਹਿਣ ਦੇ ਗੁਰ ਵੀ ਦੱਸੇ। ਇਸ ਮੌਕੇ ਪ੍ਰਧਾਨ ਰਾਜਿੰਦਰ ਜੈਨ ਕਾਕਾ ਨੇ ਕਿਹਾ ਕਿ ਕਲੱਬ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਜ਼ਰੂਰਤਮੰਦਾਂ ਅਤੇ ਖਾਸਕਰ ਵਿਦਿਆਰਥੀਆਂ ਲਈ ਕੈਂਪ ਲਗਾਏ ਜਾ ਰਹੇ ਹਨ। ਸਮਾਜ ਸੇਵਾ ਦੀ ਇਹ ਮੁਹਿੰਮ ਕਲੱਬ ਮੈਂਬਰਾਂ ਅਤੇ ਸਹਿਯੋਗੀਆਂ ਸਦਕਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਲਾਕੇ ’ਚ ਹਰਿਆਵਲ ਲਹਿਰ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਲੋਕਾਂ ਨੂੰ ਨਾਲ ਲੈ ਕੇ ਬੂਟੇ ਲਗਾਉਣ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਲਈ ਜਾਵੇਗੀ। ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ। ਏਕ ਜੋਤ ਨਰਸਿੰਗ ਇੰਸਟੀਚਿਊਟ ਵੱਲੋਂ ਡਾਕਟਰਾਂ, ਉਨ੍ਹਾਂ ਦੀ ਟੀਮ, ਮਹਿਮਾਨਾਂ ਅਤੇ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਤਵਿੰਦਰ ਕੌਰ, ਪ੍ਰਿੰਸੀਪਲ ਪੂਨਮ ਸ਼ਰਮਾ, ਹੈੱਡ ਮਾਸਟਰ ਗੁਰਪ੍ਰੀਤ ਸਿੰਘ ਬਰਾੜ, ਅਮਨ ਜੈਨ ਆਦਿ ਹਾਜ਼ਰ ਸਨ।