ਮਾਛੀਵਾੜਾ ਮੰਡੀ ’ਚ ਹੁਣ ਤੱਕ 12.10 ਲੱਖ ਕੁਇੰਟਲ ਝੋਨੇ ਦੀ ਖਰੀਦ, ਪਨਗ੍ਰੇਨ ਸਭ ਤੋਂ ਅੱਗੇ ਮਾਛੀਵਾੜਾ ਮੰਡੀ ’ਚ ਹੁਣ ਤੱਕ 12.10 ਲੱਖ ਕੁਇੰਟਲ ਝੋਨੇ ਦੀ ਖਰੀਦ, ਪਨਗ੍ਰੇਨ ਸਭ ਤੋਂ ਅੱਗੇ
Publish Date: Sun, 01 Nov 2026 06:32 PM (IST)
Updated Date: Mon, 02 Nov 2026 04:02 AM (IST)
11 ਲੱਖ ਕੁਇੰਟਲ ਝੋਨੇ ਦੀ ਹੋਈ ਲਿਫਟਿੰਗ, ਇਸ ਵਾਰ 14 ਲੱਖ ਕੁਇੰਟਲ ਆਮਦ ਦੀ ਉਮੀਦ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਅਨਾਜ ਮੰਡੀ ਅਤੇ ਇਸ ਨਾਲ ਜੁੜੇ ਵੱਖ-ਵੱਖ ਖਰੀਦ ਕੇਂਦਰਾਂ ਵਿਚ ਝੋਨੇ ਦੀ ਖਰੀਦ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਸ਼ੁਰੂਆਤੀ ਦੌਰ ’ਚ ਆਈਆਂ ਕੁਝ ਮੁਸ਼ਕਿਲਾਂ ਤੋਂ ਬਾਅਦ ਹੁਣ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਅਰੁਨਿੰਦਰ ਸਿੰਘ ਅਨੁਸਾਰ ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੁੱਲ 12 ਲੱਖ 10 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ। ਖਰੀਦ ਏਜੰਸੀਆਂ ਦੀ ਕਾਰਗੁਜ਼ਾਰੀ ਦੇ ਅੰਕੜਿਆਂ ਮੁਤਾਬਕ ਪਨਗ੍ਰੇਨ ਨੇ ਸਭ ਤੋਂ ਵੱਧ 4 ਲੱਖ 82 ਹਜ਼ਾਰ 371 ਕੁਇੰਟਲ ਝੋਨੇ ਦੀ ਖਰੀਦ ਕੀਤੀ ਹੈ। ਇਸ ਦੇ ਨਾਲ ਹੀ ਮੰਡੀ ਵਿੱਚੋਂ ਹੁਣ ਤੱਕ ਕਰੀਬ 11 ਲੱਖ ਕੁਇੰਟਲ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਮਾਛੀਵਾੜਾ ਮੁੱਖ ਮੰਡੀ ਤੋਂ ਇਲਾਵਾ ਉਪ ਖਰੀਦ ਕੇਂਦਰਾਂ ਵਿੱਚ ਵੀ ਝੋਨੇ ਦੀ ਖਰੀਦ ਜਾਰੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਲੱਖੋਵਾਲ ਕਲਾਂ ਵਿਖੇ 65,277 ਕੁਇੰਟਲ, ਹੇਡੋਂ ਬੇਟ ਵਿਖੇ 75,152 ਕੁਇੰਟਲ, ਸ਼ੇਰਪੁਰ ਬੇਟ ਵਿਖੇ 59,519 ਕੁਇੰਟਲ ਅਤੇ ਬੁਰਜ ਪਵਾਤ ਵਿਖੇ 40,200 ਕੁਇੰਟਲ ਝੋਨੇ ਦੀ ਖਰੀਦ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਝੋਨੇ ਦੀ ਫਸਲ ਉੱਤੇ ਬੌਣਾ ਵਾਇਰਸ ਅਤੇ ਹੋਰ ਬਿਮਾਰੀਆਂ ਦਾ ਪ੍ਰਭਾਵ ਪੈਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਇਸ ਕਾਰਨ ਫਸਲ ਦਾ ਝਾੜ ਘਟਣ ਦੇ ਨਾਲ-ਨਾਲ ਮੰਡੀਆਂ ਵਿੱਚ ਝੋਨੇ ਦੀ ਆਮਦ ਵੀ ਘੱਟ ਰਹੀ ਸੀ। ਪਿਛਲੇ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵੱਲੋਂ ਕਰੀਬ 11 ਲੱਖ ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ ਸੀ। ਇਸ ਵਾਰ ਮਾਛੀਵਾੜਾ ਮੰਡੀ ਵਿੱਚ 14 ਲੱਖ ਕੁਇੰਟਲ ਦੇ ਕਰੀਬ ਝੋਨੇ ਦੀ ਆਮਦ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬਾਕਸ ਬਾਸਮਤੀ ਦੀ ਖਰੀਦ ਦਾ ਅੰਕੜਾ 1.08 ਲੱਖ ਕੁਇੰਟਲ ਤੱਕ ਪੁੱਜਿਆ ਮਾਛੀਵਾੜਾ ਅਨਾਜ ਮੰਡੀ ’ਚ ਇਸ ਸੀਜ਼ਨ ਦੌਰਾਨ ਪ੍ਰਾਈਵੇਟ ਵਪਾਰੀਆਂ ਵੱਲੋਂ ਹੁਣ ਤੱਕ 1 ਲੱਖ 8 ਹਜ਼ਾਰ ਕੁਇੰਟਲ ਬਾਸਮਤੀ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀ ਵਿੱਚ ਬਾਸਮਤੀ ਦਾ ਭਾਅ 4,000 ਤੋਂ 4,450 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ, ਜਿਸ ਨਾਲ ਇਸ ਫਸਲ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਚੰਗੀ ਆਮਦਨ ਪ੍ਰਾਪਤ ਹੋਈ। ਪਿਛਲੇ ਸਾਲ ਵੀ ਮਾਛੀਵਾੜਾ ਮੰਡੀ ਵਿੱਚ 1 ਲੱਖ 11 ਹਜ਼ਾਰ ਕੁਇੰਟਲ ਤੋਂ ਵੱਧ ਬਾਸਮਤੀ ਦੀ ਖਰੀਦ ਹੋਈ ਸੀ, ਪਰ ਉਸ ਸਮੇਂ ਕਿਸਾਨਾਂ ਨੂੰ ਆਪਣੀ ਫਸਲ ਦੇ ਮੁਕਾਬਲਤਨ ਘੱਟ ਭਾਅ ਮਿਲੇ ਸਨ। ਇਸ ਵਾਰ ਮਿਲੇ ਭਾਅ ਕਾਰਨ ਬਾਸਮਤੀ ਉਤਪਾਦਕ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ।