
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

1 ਨੰਬਰ ਮੇਨ ਲੀਡ-ਪਾਵਰਕਾਮ ਵੱਲੋਂ ਅਚਾਨਕ ਰਾਤ ਸਮੇਂ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਕਰਨ ਦਾ ਫ਼ਰਮਾਨ ਜਾਰੀ

-ਰਾਤ ਨੂੰ ਬਿਜਲੀ ਕੱਟਾਂ ਤੋਂ ਸਨਅਤਕਾਰ ਤੇ ਲੋਕ ਪਰੇਸ਼ਾਨ, ਪਾਵਰਕਾਮ ਨੂੰ ਬਦਲਵੇਂ ਪ੍ਰਬੰਧ ਦੀ ਅਪੀਲ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਅਚਾਨਕ ਤਾਨਾਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਰਾਤ ਸਮੇਂ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਬਿਜਲੀ ਸਪਲਾਈ ਬੰਦ ਕਰਨ ਦਾ ਕਾਰਣ ਬਿਜਲੀ ਦੀ ਘਾਟ ਦੱਸਿਆ ਜਾ ਰਿਹਾ ਹੈ।
ਬਿਜਲੀ ਦੀ ਘਾਟ ਕਰਕੇ ਹੀ 27 ਅਗਸਤ ਨੂੰ ਰਾਤ 9 ਵਜੇ ਤੋਂ ਰਾਤ 12 ਵਜੇ ਤਕ ਬਿਜਲੀ ਸਪਲਾਈ ਅਚਾਨਕ ਬੰਦ ਕਰ ਦਿੱਤੀ ਗਈ, ਜਿਸ ਕਰਕੇ ਉਦਯੋਗਿਕ ਇਲਾਕੇ ਹਨ੍ਹੇਰੇ ’ਚ ਡੁੱਬ ਗਏ। ਹੋਰ ਤਾਂ ਹੋਰ ਕਾਰਖ਼ਾਨੇ ਤਾਂ ਕੀ ਚੱਲਣੇ ਸਨ, ਸਗੋਂ ਲੇਬਰ ਤੇ ਹੋਰ ਲੋਕਾਂ ਦੇ ਰਹਿਣ ਵਾਲੇ ਕਮਰਿਆਂ ਵਿੱਚ ਵੀ ਬਿਜਲੀ ਦੀ ਸਪਲਾਈ ਠੱਪ ਰਹੀ। ਬਿਜਲੀ ਕੱਟਾਂ ਨੂੰ ਲੈ ਕੇ ਸਨਅਤੀ ਖੇਤਰ ਦੇ ਨਾਲ-ਨਾਲ ਆਮ ਲੋਕਾਂ ’ਚ ਵੀ ਚਿੰਤਾ ਵਧ ਰਹੀ ਹੈ। ਗਰਮੀ ਦੇ ਦਿਨਾਂ ’ਚ ਰਾਤ ਸਮੇਂ ਲੰਬੇ ਬਿਜਲੀ ਕੱਟ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਜਲੀ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ, ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਤੇ ਰੋਜ਼ਾਨਾ ਕੰਮ-ਕਾਰ ’ਤੇ ਜਾਣ ਵਾਲੇ ਲੋਕਾਂ ਦੀ ਰੁਟੀਨ ਵੀ ਪ੍ਰਭਾਵਿਤ ਹੁੰਦੀ ਹੈ। ਜਾਣਕਾਰੀ ਅਨੁਸਾਰ ਅੱਜ ਵੀ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬਿਜਲੀ ਸਪਲਾਈ ਬੰਦ ਕੀਤੇ ਜਾਣ ਦੀ ਸੰਭਾਵਨਾ ਹੈ। ਸਨਅਤਕਾਰਾਂ ਅਨੁਸਾਰ ਜੇਕਰ ਪਾਵਰਕਾਮ ਬਿਜਲੀ ਦੀ ਘਾਟ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿੱਚ ਅਸਮਰੱਥ ਹੈ ਤਾਂ ਸਰਕਾਰ ਨੂੰ ਇਸ ਸਮੱਸਿਆ ਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ। ਬਿਜਲੀ ਦੀ ਘਾਟ ਕਾਰਨ ਵਾਰ-ਵਾਰ ਉਦਯੋਗਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਨਾਲ ਇਸ ਦਾ ਅਸਰ ਪੂਰੀ ਅਰਥਵਿਵਸਥਾ ’ਤੇ ਪੈਂਦਾ ਹੈ।
-ਹਨੇਰੇ ਕਾਰਨ ਚੋਰੀਆਂ ਦਾ ਖ਼ਤਰਾ ਵਧਣ ਦਾ ਖ਼ਦਸ਼ਾ
ਲੋਕਾਂ ਅਨੁਸਾਰ ਰਾਤ ਨੂੰ ਪੂਰੇ ਇਲਾਕੇ ਦੀ ਬਿਜਲੀ ਬੰਦ ਹੋਣ ਨਾਲ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਚਿੰਤਾ ਪੈਦਾ ਹੁੰਦੀ ਹੈ। ਹਨੇਰੇ ਦਾ ਫਾਇਦਾ ਚੁੱਕ ਕੇ ਚੋਰੀਆਂ ਅਤੇ ਹੋਰ ਅਣਸੁਖਾਵੀਆਂ ਘਟਨਾਵਾਂ ਵਾਪਰਨ ਦਾ ਖ਼ਤਰਾ ਵੱਧ ਸਕਦਾ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਰਾਤ ਦੇ ਸਮੇਂ ਬਿਜਲੀ ਸਪਲਾਈ ਬੰਦ ਕਰਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਨਅਤ ਮੰਤਰੀ ਅਤੇ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ।
-ਸਨਅਤਾਂ ਨੂੰ ਥੋੜ੍ਹੀ ਛੋਟ ਦੇ ਕੇ ਬਚਾਈ ਜਾ ਸਕਦੀ ਹੈ ਸਪਲਾਈ
ਸਨਅਤਕਾਰਾਂ ਨੇ ਅੱਜ ਲੁਧਿਆਣਾ ਦੇ ਚੀਫ਼ ਅਧਿਕਾਰੀ ਕੋਲ ਵੀ ਬੇਨਤੀ ਕੀਤੀ ਕਿ ਕੈਟੇਗਰੀ-2 ਅਤੇ ਕੈਟਾਗਰੀ-3 ਦੀਆਂ ਸਨਅਤੀ ਇਕਾਈਆਂ ਨੂੰ ਥੋੜ੍ਹੀ ਬਹੁਤ ਛੋਟ ਦੇ ਕੇ ਰਾਤ ਸਮੇਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਨ ਤੋਂ ਬਚਿਆ ਜਾਵੇ। ਇਸ ਨਾਲ ਇਕ ਪਾਸੇ ਸਨਅਤੀ ਸਰਗਰਮੀਆਂ ਜਾਰੀ ਰਹਿ ਸਕਦੀਆਂ ਹਨ ਤੇ ਦੂਜੇ ਪਾਸੇ ਰਿਹਾਇਸ਼ੀ ਇਲਾਕਿਆਂ ਨੂੰ ਪੂਰੀ ਤਰ੍ਹਾਂ ਹਨੇਰੇ ਵਿੱਚ ਜਾਣ ਤੋਂ ਬਚਾਇਆ ਜਾ ਸਕਦਾ ਹੈ।
-ਕਾਰਖ਼ਾਨੇ ਬੰਦ ਹੋਏ, ਤਾਂ ਮਜ਼ਦੂਰ ਤੋਂ ਸਰਕਾਰ ਤੱਕ ਹੋਵੇਗਾ ਨੁਕਸਾਨ
ਜੇਕਰ ਉਦਯੋਗ ਬੰਦ ਹੁੰਦੇ ਹਨ ਤਾਂ ਨੁਕਸਾਨ ਸਿਰਫ਼ ਉਦਯੋਗਪਤੀਆਂ ਤੱਕ ਸੀਮਤ ਨਹੀਂ ਰਹੇਗਾ। ਇਸ ਦਾ ਸਿੱਧਾ ਅਸਰ ਮਜ਼ਦੂਰਾਂ, ਵਪਾਰੀਆਂ ਅਤੇ ਉਦਯੋਗ ਨਾਲ ਜੁੜੇ ਹੋਰ ਵਰਗਾਂ ’ਤੇ ਪਵੇਗਾ। ਉਦਯੋਗਿਕ ਇਕਾਈਆਂ ਦੀ ਉਤਪਾਦਨ ਸਮਰੱਥਾ ਪ੍ਰਭਾਵਿਤ ਹੋਣ ਨਾਲ ਪਾਵਰਕਾਮ ਦਾ ਮਾਲੀਆ ਵੀ ਘਟੇਗਾ ਅਤੇ ਇਸ ਦੇ ਨਾਲ ਸਰਕਾਰ ਦੇ ਰੈਵਨਿਊ ’ਤੇ ਵੀ ਅਸਰ ਪਵੇਗਾ। ਬਿਜਲੀ ਸਪਲਾਈ ਦਾ ਮਸਲਾ ਸਿਰਫ਼ ਕਾਰਖ਼ਾਨਿਆਂ ਨਾਲ ਸਬੰਧਤ ਨਹੀਂ ਹੈ, ਸਗੋਂ ਇਹ ਸਰਕਾਰ, ਪਾਵਰਕਾਮ, ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦੇ ਹਿੱਤ ਨਾਲ ਜੁੜਿਆ ਹੋਇਆ ਹੈ।
-ਮੁੱਖ ਮੰਤਰੀ ਤੇ ਮੰਤਰੀਆਂ ਨੂੰ ਤੁਰੰਤ ਦਖ਼ਲ ਦੇਣ ਦੀ ਕੀਤੀ ਅਪੀਲ
29) ਸਤਨਾਮ ਸਿੰਘ ਮੱਕੜ।
ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਸੀਪੀਐੱਮਏ ਦੇ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਨੇ ਮੁੱਖ ਮੰਤਰੀ, ਸਨਅਤ ਮੰਤਰੀ ਅਤੇ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਕਿ ਰਾਤ ਨੂੰ ਬਿਜਲੀ ਸਪਲਾਈ ਬੰਦ ਕਰਨ ਦੀ ਬਜਾਏ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕੈਟਾਗਰੀ-2 ਅਤੇ ਕੈਟਾਗਰੀ-3 ਉਦਯੋਗਾਂ ਨੂੰ ਸੰਭਵ ਛੋਟ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਕਾਰਖ਼ਾਨੇ ਨਿਰਵਿਘਨ ਚੱਲ ਸਕਣਗੇ, ਲੋਕਾਂ ਨੂੰ ਰਾਤ ਸਮੇਂ ਬਿਜਲੀ ਦੀ ਸਹੂਲਤ ਮਿਲਦੀ ਰਹੇਗੀ ਤੇ ਪਾਵਰਕਾਮ ਤੇ ਸਰਕਾਰ ਦੇ ਮਾਲੀਏ ਨੂੰ ਵੀ ਨੁਕਸਾਨ ਤੋਂ ਬਚਾਇਆ ਜਾ ਸਕੇਗਾ।