ਭੁੱਲਰ ਦੀ ਗ੍ਰਿਫਤਾਰੀ ਨੂੰ ਗੁਪਤ ਰੱਖਣ ਦੀ ਕੀ ਲੋੜ ਸੀ : ਨਾਹਰ
ਮੰਡੀ ਗੋਬਿੰਦਗੜ੍ਹ ਵਿਚ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ’ਤੇ ਜੀਆ ਲਾਲ ਨਾਹਰ ਦਾ ਤਿੱਖਾ ਵਾਰ
Publish Date: Tue, 24 Mar 2026 10:09 PM (IST)
Updated Date: Tue, 24 Mar 2026 10:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ (ਐੱਸਸੀ ਵਿੰਗ) ਜੀਆ ਲਾਲ ਨਾਹਰ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਮਾਮਲੇ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਜੀਆ ਲਾਲ ਨਾਹਰ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿਚ ਭੁੱਲਰ ਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰਕੇ ਮੀਡੀਆ ਤੇ ਆਮ ਲੋਕਾਂ ਨੂੰ ਦੂਰ ਰੱਖਣਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਪਾਰਦਰਸ਼ੀ ਹਨ, ਤਾਂ ਇਸ ਤਰ੍ਹਾਂ ਦੀ ਗੁਪਤਤਾ ਦੀ ਲੋੜ ਕਿਉਂ ਪੈ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕਾਨੂੰਨ-ਵਿਵਸਥਾ ਦੀ ਸਥਿਤੀ ਕਮਜ਼ੋਰ ਹੋ ਚੁੱਕੀ ਹੈ ਤੇ ਸਰਕਾਰ ਆਪਣੇ ਹੀ ਆਗੂਆਂ ਨੂੰ ਬਚਾਉਣ ਲਈ ਦੋਹਰੇ ਮਾਪਦੰਡ ਅਪਣਾ ਰਹੀ ਹੈ। ਨਾਹਰ ਨੇ ਕਿਹਾ ਕਿ ਜੇ ਭੁੱਲਰ ਨੇ ਖੁਦ ਸਰੰਡਰ ਕੀਤਾ ਹੈ ਤਾਂ ਇਸ ਬਾਰੇ ਸਪੱਸ਼ਟ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਜਾਵੇ। ਡਾ. ਗਗਨਦੀਪ ਸਿੰਘ ਰੰਧਾਵਾ ਦੀ ਆਤਮ-ਹੱਤਿਆ ਦਾ ਹਵਾਲਾ ਦਿੰਦਿਆਂ ਨਾਹਰ ਨੇ ਕਿਹਾ ਕਿ ਇਹ ਘਟਨਾ ਪੰਜਾਬ ਵਿਚ ਵਧ ਰਹੇ ਭ੍ਰਿਸ਼ਟਾਚਾਰ ਤੇ ਸਰਕਾਰੀ ਦਬਾਅ ਦੀ ਪੋਲ ਖੋਲ੍ਹਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਾਨ ਸਰਕਾਰ ਦੇ ਵੱਡੇ-ਵੱਡੇ ਦਾਅਵੇ ਹੁਣ ਖੋਖਲੇ ਸਾਬਤ ਹੋ ਰਹੇ ਹਨ ਤੇ ਆਮ ਲੋਕ ਨਿਆਂ ਲਈ ਤਰਸ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।