ਕਾਲਜ ’ਚ ਯੁਵਾ ਸੰਵਾਦ ਮੇਲਾ ਕਰਵਾਇਆ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਯੁਵਾ ਸੰਵਾਦ ਮੇਲਾ ਕਰਵਾਇਆ
Publish Date: Fri, 09 Oct 2026 07:53 PM (IST)
Updated Date: Fri, 09 Oct 2026 07:56 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਵਿਖੇ ਐੱਨਐੱਸਐੱਸ ਵਿਭਾਗ ਵੱਲੋਂ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ-100 ਹਫਤੇ ਸੰਕਲਪ ਅਭਿਆਨ ਤਹਿਤ ਯੁਵਾ ਸੰਵਾਦ ਮੇਲਾ ਕਰਵਾਇਆ ਗਿਆ। ਇਹ ਮੇਲਾ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸੌ ਹਫਤੇ ਸੰਕਲਪ ਅਭਿਆਨ ਤਹਿਤ ਪਹਿਲੇ ਮਹੀਨੇ ਮੇਰਾ ਸਵਾਸਥ, ਮੇਰਾ ਗਰਵ ਵਿਸ਼ੇ ਤਹਿਤ ਲਗਾਇਆ ਗਿਆ। ਸਮਾਗਮ ਵਿੱਚ ਜ਼ਿਲ੍ਹਾ ਯੁਵਾ ਅਫਸਰ ਗਗਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਅਭਿਆਨ ਰੋਕਥਾਮ, ਸੁਰੱਖਿਆ, ਸੁਧਾਰ ਤੇ ਅਗਵਾਈ ’ਤੇ ਅਧਾਰਿਤ ਹੈ। ਪੋਸ਼ਣ ਮਾਹਿਰ ਆਂਚਲ ਨੇ ਕਿਹਾ ਕਿ ਚੰਗੀ ਖੁਰਾਕ ਨਾਲ ਨਸ਼ੇ ਤੋਂ ਬਚਿਆ ਜਾ ਸਕਦਾ ਹੈ। ਆਪਣੇ ਨਸ਼ਾ ਵਿਰੋਧੀ ਭਾਸ਼ਣ ਦੌਰਾਨ ਡਾਕਟਰ ਉਜਾਲਾ ਨੇ ਕਿਹਾ, ਨਸ਼ਾ ਇੱਕ ਬਿਮਾਰੀ ਹੈ, ਸ਼ੌਕ ਨਹੀਂ। ਇਹ ਹੌਲੀ-ਹੌਲੀ ਤੁਹਾਡੇ ਦਿਮਾਗ, ਦਿਲ ਤੇ ਪਰਿਵਾਰ ਨੂੰ ਖਤਮ ਕਰ ਦਿੰਦਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਦੋਸਤਾਂ ਦੇ ਦਬਾਅ ਵਿੱਚ ਆ ਕੇ ਪਹਿਲੀ ਵਾਰ ਵੀ ਨਸ਼ੇ ਨੂੰ ਹੱਥ ਨਾ ਲਗਾਉਣ, ਕਿਉਂਕਿ ਪਹਿਲੀ ਵਾਰ ਹੀ ਆਖਰੀ ਵਾਰ ਬਣਨ ਦੀ ਸ਼ੁਰੂਆਤ ਹੁੰਦੀ ਹੈ। ਵਿਦਿਆਰਥੀਆਂ ਵੱਲੋਂ ਮਾਹਿਰ ਬੁਲਾਰਿਆਂ ਨੂੰ ਆਪਣੇ ਮਨ ਵਿੱਚ ਉੱਠੇ ਸਵਾਲਾਂ ਦੇ ਸੰਤੁਸ਼ਟੀਜਨਕ ਜਵਾਬ ਪ੍ਰਾਪਤ ਕੀਤੇ ਗਏ। ਪ੍ਰੋਗਰਾਮ ਅਫਸਰ ਡਾ. ਪਰਮਜੀਤ ਕੌਰ ਤੇ ਮਿਸ ਪਰਮਪ੍ਰੀਤ ਕੌਰ ਨੇ ਕਿਹਾ ਕਿ ਮੇਰਾ ਸਵਾਸਥ, ਮੇਰਾ ਗਰਵ ਤਹਿਤ ਸਹੁੰ ਤੋਂ ਲੈ ਕੇ ਸਿਹਤ ਜਾਂਚ ਤੇ ਵਾਕ ਤੱਕ ਦਾ ਸਫਰ ਪੂਰਾ ਕਰਕੇ ਅੱਜ ਚੌਥੇ ਹਫਤੇ ਇਹ ਮੇਲਾ ਵਿਦਿਆਰਥੀਆਂ ਨੂੰ ਸੁਣਨ-ਬੋਲਣ ਦਾ ਮੰਚ ਦੇ ਰਿਹਾ ਹੈ, ਜਿਸ ਵਿੱਚ 250 ਤੋਂ ਵੱਧ ਭਾਗੀਦਾਰੀ ਤੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣੀ ਹੈ। ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਿਹਤਮੰਦ ਸਰੀਰ ਤੇ ਸਕਾਰਾਤਮਕ ਸੋਚ ਨਾਲ ਹੀ ਨਸ਼ੇ ਨੂੰ ਹਰਾਇਆ ਜਾ ਸਕਦਾ ਹੈ ਤੇ ਨਸ਼ਾ ਮੁਕਤ ਯੁਵਾ ਹੀ ਵਿਕਸਿਤ ਭਾਰਤ ਦੀ ਨੀਂਹ ਹੈ। ਸਾਡਾ ਕਾਲਜ ਸਿਰਫ ਡਿਗਰੀਆਂ ਦੇਣ ਲਈ ਨਹੀਂ, ਸਗੋਂ ਚੰਗੇ ਨਾਗਰਿਕ ਪੈਦਾ ਕਰਨ ਲਈ ਬਣਿਆ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।