ਯੂਥ ਵੋਇਸ ਫਾਊਂਡੇਸ਼ਨ ਪੰਜ ਸਾਲਾਂ ਤੋਂ ਕਰ ਰਹੀ ਲੰਗਰ ਸੇਵਾ ਯੂਥ ਵੋਇਸ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਲਗਾਤਾਰ ਪੰਜ ਸਾਲਾਂ ਤੋਂ ਲੰਗਰ ਸੇਵਾ
Publish Date: Fri, 25 Sep 2026 07:26 PM (IST)
Updated Date: Fri, 25 Sep 2026 07:27 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਯੂਥ ਵੋਇਸ ਫਾਊਂਡੇਸ਼ਨ ਸੋਸਾਇਟੀ (ਰਜਿ.) ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਚਲਾਈ ਜਾ ਰਹੀ ਲੰਗਰ ਸੇਵਾ ਦੇ ਪੰਜ ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸੇਵਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਤਾਜ਼ਾ ਭੋਜਨ, ਫਲ ਤੇ ਤਾਜ਼ੀ ਲੱਸੀ ਵੰਡੀ ਗਈ। ਇਹ ਲੰਗਰ ਸੇਵਾ ਯੂਥ ਵੋਇਸ ਫਾਊਂਡੇਸ਼ਨ ਸੋਸਾਇਟੀ ਦੇ ਪ੍ਰਧਾਨ ਤੇ ਸੰਸਥਾਪਕ ਗਗਨਦੀਪ ਸਿੰਘ ਢੱਟ ਦੀ ਅਗਵਾਈ ਹੇਠ ਚਲ ਰਹੀ ਹੈ। ਇਸ ਮੌਕੇ ਸੰਸਥਾ ਵੱਲੋਂ 100 ਤੋਂ ਵੱਧ ਭੋਜਨ ਦੇ ਡੱਬੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਵੰਡੇ ਗਏ। ਇਸ ਮੌਕੇ ਢੱਟ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸੰਸਥਾ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸੇਵਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਉਨ੍ਹਾਂ ਇਸ ਨਿਰੰਤਰ ਸੇਵਾ ਵਿੱਚ ਯੋਗਦਾਨ ਪਾਉਣ ਵਾਲੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ ਜੋ ਲਗਾਤਾਰ ਇਸ ਨੇਕ ਕਾਰਜ ਵਿੱਚ ਸੰਸਥਾ ਨਾਲ ਜੁੜੇ ਹੋਏ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਐੱਸਐੱਨਜੇ ਚੈਰੀਟੇਬਲ ਟਰਸਟ ਯੂਕੇ ਵੱਲੋਂ ਮਿਲ ਰਹੇ ਲਗਾਤਾਰ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਲੰਗਰ ਸੇਵਾ ਤੋਂ ਇਲਾਵਾ ਦਵਾਈਆਂ ਲਈ ਸਹਾਇਤਾ, ਸਿੱਖਿਆ ਸਹਾਇਤਾ, ਅੱਖਾਂ ਦੇ ਆਪ੍ਰੇਸ਼ਨ ਕੈਂਪ ਤੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਵਰਗੇ ਕਈ ਸਮਾਜ ਸੇਵੀ ਕਾਰਜ ਵੀ ਕੀਤੇ ਜਾ ਰਹੇ ਹਨ। ਜ਼ਿਲ੍ਹਾ ਇੰਚਾਰਜ ਨੰਦ ਸੋਨੀ ਨੇ ਸੰਸਥਾ ਨਾਲ ਲਗਾਤਾਰ ਜੁੜੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਸੱਜਣਾਂ ਨੇ ਸੰਸਥਾ ’ਤੇ ਭਰੋਸਾ ਕਰਕੇ ਇਸ ਨੇਕ ਕਾਰਜ ਵਿੱਚ ਲਗਾਤਾਰ ਆਪਣਾ ਸਹਿਯੋਗ ਦਿੱਤਾ ਹੈ, ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਤੇ ਯੂਥ ਵੋਇਸ ਫਾਊਂਡੇਸ਼ਨ ਫਗਵਾੜਾ ਟੀਮ ਦੇ ਮੈਂਬਰ ਰਮਨ ਨਹਿਰਾ ਨੇ ਕਿਹਾ ਕਿ ਦੂਜਿਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਹਮੇਸ਼ਾ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਉਹ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਡਾ. ਸਿਮਰਦੀਪ ਕੌਰ, ਐੱਸਐੱਮਓ, ਸਿਵਲ ਹਸਪਤਾਲ ਫਗਵਾੜਾ ਨੇ ਯੂਥ ਵੋਇਸ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਤੇ ਸੰਸਥਾ ਦੀ ਪੂਰੀ ਟੀਮ ਨੂੰ ਲਗਾਤਾਰ ਪੰਜ ਸਾਲਾਂ ਦੀ ਲੰਗਰ ਸੇਵਾ ਪੂਰੀ ਕਰਨ ’ਤੇ ਵਧਾਈ ਦਿੱਤੀ। ਇਸ ਮੌਕੇ ਬਲਵਿੰਦਰ ਸਿੰਘ ਸੈਣੀ, ਵਿਨੋਦ ਸ਼ਰਮਾ, ਰਾਜੂ ਸਿੰਘ, ਯੂਥ ਵੋਇਸ ਫਾਊਂਡੇਸ਼ਨ ਦੇ ਹੋਰ ਮੈਂਬਰ ਅਤੇ ਸਿਵਲ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।