ਨੌਜਵਾਨ ਸ਼ੱਕੀ ਹਾਲਾਤਾਂ ’ਚ ਹਿਰਾਸਤ ਤੋਂ ਲਾਪਤਾ ਚੌਂਕੀ ਮੋਠਾਂਵਾਲ ਤੋਂ ਹਿਰਾਸਤ ਵਿੱਚ ਲਿਆਂਦਾ ਨੌਜਵਾਨ ਸ਼ੱਕੀ ਹਾਲਾਤਾਂ ’ਚ ਲਾਪਤਾ
Publish Date: Fri, 07 Aug 2026 09:29 PM (IST)
Updated Date: Fri, 07 Aug 2026 09:32 PM (IST)
ਚੋਰੀ ਦੇ ਕਥਿਤ ਦੋਸ਼ ਹੇਠ ਪੁੱਛਗਿੱਛ ਲਈ ਲਿਆਂਦਾ ਗਿਆ ਸੀ ਸਾਹਿਲ ਉਰਫ਼ ਬਿੱਲੀ ਪਰਿਵਾਰ ਦਾ ਚੌਕੀ ਅੱਗੇ ਰੋਸ ਪ੍ਰਦਰਸ਼ਨ, ਪੁਲਿਸ ਦਾ ਦਾਅਵਾ-ਫਰਾਰ ਹੋ ਗਿਆ ਮੁਲਜ਼ਮ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਅਧੀਨ ਆਉਂਦੀ ਪੁਲਿਸ ਚੌਂਕੀ ਮੋਠਾਂਵਾਲ ਵਿੱਚ ਉਸ ਸਮੇਂ ਹੰਗਾਮੇ ਵਾਲੇ ਹਾਲਾਤ ਬਣ ਗਏ ਜਦੋਂ ਚੋਰੀ ਦੇ ਇੱਕ ਕਥਿਤ ਮਾਮਲੇ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਨੌਜਵਾਨ ਸਾਹਿਲ ਕੁਮਾਰ ਉਰਫ਼ ਬਿੱਲੀ ਵਾਸੀ ਪਿੰਡ ਮੁਹੱਬਲੀਪੁਰ (ਸੁਲਤਾਨਪੁਰ ਲੋਧੀ) ਸ਼ੱਕੀ ਹਾਲਾਤਾਂ ਵਿੱਚ ਪੁਲਿਸ ਹਿਰਾਸਤ ਵਿੱਚੋਂ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ। ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਚੌਂਕੀ ਮੋਠਾਂਵਾਲ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਮੁਹੱਬਲੀਪੁਰ ਨਿਵਾਸੀ ਨੌਜਵਾਨ ਦੀ ਮਾਂ ਸੀਮਾ ਤੇ ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਨੌਜਵਾਨ ਪੁਲਿਸ ਦੀ ਹਿਰਾਸਤ ਵਿੱਚ ਸੀ ਤਾਂ ਉਸ ਦੇ ਗਾਇਬ ਹੋਣ ਲਈ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੁਲਿਸ ਹਿਰਾਸਤ ਵਿੱਚੋਂ ਹੀ ਲਾਪਤਾ ਹੋ ਗਿਆ ਹੈ ਤਾਂ ਇਹ ਸੁਰੱਖਿਆ ਪ੍ਰਬੰਧਾਂ ਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਸਾਹਿਲ ਉਰਫ਼ ਬਿੱਲੀ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦ ਤੱਕ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਦਾ, ਉਹ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਗੱਡੀ ’ਚੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ ਬਿੱਲੀ : ਪੁਲਿਸ ਉੱਧਰ, ਇਸ ਮਾਮਲੇ ਸਬੰਧੀ ਚੌਂਕੀ ਮੋਠਾਂਵਾਲ ਦੇ ਇੰਚਾਰਜ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮੁਹੱਬਲੀਪੁਰ ਦੇ ਸਰਪੰਚ ਫੁਮਨ ਸਿੰਘ ਵੱਲੋਂ ਘਰ ਵਿੱਚ ਹੋਈ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਸਾਹਿਲ ਕੁਮਾਰ ਉਰਫ਼ ਬਿੱਲੀ ਪੁੱਤਰ ਨਰੇਸ਼ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਦੇ ਆਧਾਰ ਤੇ ਸ਼ੱਕ ਦੇ ਆਧਾਰ ਤੇ ਉਸ ਨੂੰ ਪੁੱਛਗਿੱਛ ਲਈ ਚੌਂਕੀ ਲਿਆਂਦਾ ਗਿਆ ਸੀ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਸਾਹਿਲ ਨੂੰ ਚੌਂਕੀ ਲਿਆਂਦਾ ਗਿਆ ਤਾਂ ਚੌਂਕੀ ਦੇ ਬਾਹਰ ਖੜ੍ਹੀ ਪੁਲਿਸ ਗੱਡੀ ਵਿੱਚੋਂ ਉਹ ਅਚਾਨਕ ਛਾਲ ਮਾਰ ਕੇ ਦੌੜ ਗਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਚੌਂਕੀ ਦੇ ਨਜ਼ਦੀਕ ਪੀਰਾਂ ਦੀ ਜਗ੍ਹਾ ਤੇ ਮੇਲਾ ਲੱਗਿਆ ਹੋਇਆ ਸੀ ਤੇ ਆਮ ਲੋਕਾਂ ਦੀ ਕਾਫ਼ੀ ਭੀੜ ਹੋਣ ਕਾਰਨ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਨੌਜਵਾਨ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਵੀ ਪੁਲਿਸ ਨਾਲ ਸੰਪਰਕ ਵਿੱਚ ਹਨ। ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਿਵੇਂ ਹੀ ਸਾਹਿਲ ਬਾਰੇ ਕੋਈ ਜਾਣਕਾਰੀ ਮਿਲੇਗੀ, ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ। ਪੁਲਿਸ ਆਪਣੇ ਪੱਧਰ ਤੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਨੌਜਵਾਨ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ।