ਮਾਮੂਲੀ ਵਿਵਾਦ ਪਿੱਛੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ
Publish Date: Thu, 16 Jul 2026 09:33 PM (IST)
Updated Date: Thu, 16 Jul 2026 09:34 PM (IST)
ਤੇਜ਼ਧਾਰ ਹਥਿਆਰਾਂ ਨਾਲ ਚਾਰ ਜਣਿਆਂ ਨੇ ਕੀਤਾ ਹਮਲਾ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਬੇਗੋਵਾਲ : ਬੀਤੀ ਦੇਰ ਰਾਤ ਬੇਗੋਵਾਲ ਦੇ ਪਿੰਡ ਨੰਗਲ ਲੁਬਾਣਾ ਦੇ ਮਾਮੂਲੀ ਵਿਵਾਦ ਪਿੱਛੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਬੇਗੋਵਾਲ ਪੁਲਿਸ ਨੇ ਚਾਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮ੍ਰਿਤਕ ਗੁਰਮੀਤ ਸਿੰਘ (38) ਦੇ ਪਿਤਾ ਭਜਨ ਸਿੰਘ ਪੁੱਤਰ ਊਧਮ ਸਿੰਘ ਵਾਸੀ ਨੰਗਲ ਲੁਬਾਣਾ ਨੇ ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਬੇਟਾ ਗੁਰਮੀਤ ਸਿੰਘ ਤੇ ਭਤੀਜਾ ਹਰਪ੍ਰੀਤ ਸਿੰਘ ਪੁੱਤਰ ਬਚਨ ਸਿੰਘ ਬੀਤੀ ਰਾਤ ਘਰ ਦੇ ਬਾਹਰ ਖੜ੍ਹੇ ਸਨ। ਇਸੇ ਦੌਰਾਨ ਤੇਜ਼ ਰਫਤਾਰ ਕਾਲੇ ਰੰਗ ਦੀ ਬਰੀਜ਼ਾ ਗੱਡੀ ਨੰਬਰ ਪੀਬੀ09 ਏਐੱਸ 0441 ’ਤੇ ਦੋ ਮੁੰਡੇ ਆਏ ਅਤੇ ਸੜਕ ਉੱਤੇ ਖੜ੍ਹੇ ਪਾਣੀ ’ਚੋਂ ਗੱਡੀ ਤੇਜ਼ੀ ਨਾਲ ਲੰਘਾਉਂਦੇ ਸਮੇਂ ਪਾਣੀ ਮੇਰੇ ਬੇਟੇ ਗੁਰਮੀਤ ਸਿੰਘ ਦੇ ਕੱਪੜਿਆਂ ’ਤੇ ਪੈ ਗਿਆ। ਇਸ ਪਿੱਛੋਂ ਮੇਰੇ ਬੇਟੇ ਵੱਲੋਂ ਉਨ੍ਹਾਂ ਨੂੰ ਰੁਕਵਾਇਆ ਗਿਆ ਤੇ ਇਸੇ ਦੌਰਾਨ ਉਕਤ ਦੋ ਨੌਜਵਾਨ ਸਮੀਰ ਉਰਫ ਸੈਮ ਪੁੱਤਰ ਸੰਜੀਵ ਸਿੰਘ ਵਾਸੀ ਡਾਲਾ ਥਾਣਾ ਭਲੱਥ ਤੇ ਉਸ ਦੇ ਨਾਲ ਸਤਵਿੰਦਰਜੀਤ ਸਿੰਘ ਉਰਫ ਗੌਰਵ ਪੁੱਤਰ ਬਿਕਰਮ ਸਿੰਘ ਵਾਸੀ ਰਾਏਪੁਰ ਪੀਰਬਖਸ਼ ਥਾਣਾ ਭਲੱਥ ਗੱਡੀ ’ਚੋਂ ਨਿਕਲੇ, ਜਿਨ੍ਹਾਂ ਨੂੰ ਮੇਰਾ ਭਤੀਜਾ ਹਰਪ੍ਰੀਤ ਸਿੰਘ ਜਾਣਦਾ ਸੀ। ਇਸੇ ਦੌਰਾਨ ਇਹਨਾਂ ਨੌਜਵਾਨਾਂ ਦੀ ਗੁਰਮੀਤ ਸਿੰਘ ਨਾਲ ਬਹਿਸ ਹੋ ਗਈ ਤੇ ਕਾਰ ਸਵਾਰ ਦੋਵੇਂ ਲੜਕੇ ਧਮਕੀਆਂ ਦਿੰਦੇ ਹੋਏ ਉੱਥੋਂ ਚਲੇ ਗਏ•। ਗੁਰਮੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਇਸ ਉਪਰੰਤ ਮੈਂ ਆਪਣੇ ਪੁੱਤਰ ਤੇ ਭਤੀਜੇ ਨੂੰ ਖੇਤਾਂ ਵਿੱਚ ਚਲਦੇ ਇੰਜਣ ਲਈ ਤੇਲ ਲੈਣ ਵਾਸਤੇ ਕਹਿ ਕੇ ਜਦੋਂ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਬੇਗੋਵਾਲ ਵੱਲੋਂ ਉਹੀ ਕਾਲੇ ਰੰਗ ਦੀ ਗੱਡੀ ’ਚ ਚਾਰ ਮੁੰਡੇ ਆਏ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ ਜਿਨ੍ਹਾਂ ਨੇ ਗੱਡੀ ਤੋਂ ਉਤਰਦਿਆਂ ਹੀ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਮੇਰਾ ਭਤੀਜਾ ਡਰਦਾ ਹੋਇਆ ਮੇਰੇ ਕੋਲ ਆਇਆ ਤੇ ਦੱਸਿਆ ਕਿ ਸਮੀਰ ਉਰਫ਼ ਸੈਮ, ਸਤਵਿੰਦਰਜੀਤ ਸਿੰਘ ਉਰਫ ਗੌਰਵ ਨਾਲ ਜੋ ਪਹਿਲਾਂ ਬਹਿਸ ਹੋਈ ਸੀ, ਉਹ ਦੋ ਮੁੰਡੇ ਮਨਜੋਤ ਸਿੰਘ ਉਰਫ ਮੰਨੂ ਪੁੱਤਰ ਰਾਜਵੰਤ ਸਿੰਘ ਵਾਸੀ ਪੰਡੋਰੀ ਰਾਜਪੂਤਾਂ ਥਾਣਾ ਭਲੱਥ ਤੇ ਜਸਵਿੰਦਰ ਸਿੰਘ ਉਰਫ ਕਰਨ ਪੁੱਤਰ ਕੁਲਦੀਪ ਸਿੰਘ ਵਾਸੀ ਡਾਲਾ ਥਾਣਾ ਭੁਲੱਥ ਨਾਲ ਆ ਕੇ ਗੁਰਮੀਤ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਲਗਾਤਾਰ ਉਸ ’ਤੇ ਵਾਰ ਕਰਦੇ ਰਹੇ। ਇਸ ਪਿੱਛੋਂ ਗੁਰਦੀਪ ਸਿੰਘ ਹੇਠਾਂ ਡਿੱਗ ਪਿਆ। ਜਦੋਂ ਮੈਂ ਤੇ ਮੇਰੇ ਭਤੀਜੇ ਨੇ ਰੌਲਾ ਪਾਇਆ ਤਾਂ ਉਹ ਆਪਣੇ ਹਥਿਆਰਾਂ ਸਮੇਤ ਗੱਡੀ ’ਚ ਨਡਾਲੇ ਵਾਲੇ ਪਾਸੇ ਚਲੇ ਗਏ। ਇਸ ਤੋਂ ਬਾਅਦ ਮੈਂ ਤੇ ਮੇਰਾ ਭਤੀਜਾ ਸਵਾਰੀ ਦਾ ਪ੍ਰਬੰਧ ਕਰ ਕੇ ਗੁਰਮੀਤ ਸਿੰਘ ਨੂੰ ਪਹਿਲਾਂ ਬੇਗੋਵਾਲ ਤੇ ਫਿਰ ਜਲੰਧਰ ਹਸਪਤਾਲ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਇਹਨਾਂ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਚਾਰ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸਬ-ਇੰਸਪੈਕਟਰ ਪ੍ਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵੱਲੋਂ ਲਿਖਾਏ ਗਏ ਬਿਆਨਾਂ ਦੇ ਆਧਾਰ ’ਤੇ ਚਾਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ।