- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿੱਪਰ ਦੇ ਟੱਕਰ ਮਾਰਨ ਨਾਲ ਜਖਮੀ ਹੋਏ ਨੌਜਵਾਨ ਨੇ ਇਲਾਜ਼ ਦੌਰਾਨ ਤੋੜਿਆ ਦਮ

-ਪਰਿਵਾਰ ਨੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆਂ : ਸਥਾਨਕ ਕਸਬੇ ਦੇ ਸਾਬਕਾ ਮੈਂਬਰ ਪੰਚਾਇਤ ਗੁਰਨਾਮ ਸਿੰਘ ਟਿੱਕਾ ਜਿਨ੍ਹਾਂ ਦਾ ਬੀਤੇ ਦਿਨੀਂ ਲੋਹੀਆਂ ਰੋਡ ’ਤੇ ਐਕਸੀਡੈਂਟ ਹੋ ਗਿਆ ਸੀ ਤੇ ਪਿਛਲੇ ਦਿਨਾਂ ਤੋਂ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸਨ, ਦੀ ਮੌਤ ਹੋਣ ਉਪਰੰਤ ਪਰਿਵਾਰ ਤੇ ਇਲਾਕਾ ਨਿਵਾਸੀਆਂ ਨੇ ਹਾਦਸੇ ਲਈ ਜ਼ਿੰਮੇਵਾਰ ਟਿੱਪਰ ਚਾਲਕ ’ਤੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਲਾ ਸੰਘਿਆਂ ਦੇ ਮੁੱਖ ਚੌਂਕ ਵਿਖੇ ਧਰਨਾ ਲਾਇਆ। ਪਰਿਵਾਰਕ ਮੈਂਬਰਾਂ ਤੇ ਨਗਰ ਨਿਵਾਸੀਆਂ ਵੱਲੋਂ ਕਾਲਾ ਸੰਘਿਆਂ ਦਾ ਮੁੱਖ ਚੌਂਕ ਬੰਦ ਕਰ ਦਿੱਤਾ ਗਿਆ। ਧਰਨੇ ਦੀ ਸੂਚਨਾ ਮਿਲਣ ’ਤੇ ਮੇਜਰ ਸਿੰਘ ਐੱਸਐੱਚਓ ਸਦਰ ਕਪੂਰਥਲਾ ਤੇ ਚੌਂਕੀ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨੂੰ ਪੂਰਨ ਇਨਸਾਫ ਦਾ ਵਿਸ਼ਵਾਸ ਦਿਵਾਇਆ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੀ ਬਣਦੀ ਸਖ਼ਤ ਕਾਰਵਾਈ ਦੀ ਮੰਗ ਮੰਨਣ ਉਪਰੰਤ ਧਰਨਾ ਚੁੱਕਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਹੋਰ ਆਗੂਆਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਮਨਿੰਦਰ ਪਾਲ ਸਿੰਘ ਮੰਨਾ, ਮੈਂਬਰ ਪੰਚਾਇਤ ਬਲਵੀਰ ਸਿੰਘ ਬਿੱਲਾ, ਬਲਜਿੰਦਰ ਸਿੰਘ ਬਿੱਟੂ, ਭਿੰਦਾ ਸੰਘਾ, ਡਾਕਟਰ ਪਰਮਜੀਤ, ਭਾਈ ਸੁਰਜੀਤ ਸਿੰਘ, ਗੁਰਦਿਆਲ ਸਿੰਘ, ਗੁਰਪ੍ਰੀਤ ਗੋਪੀ, ਸਚਿਨ, ਪ੍ਰਦੀਪ, ਰਸ਼ਪਾਲ ਸਿੰਘ ਬਾਗੜੀ ਸਮੇਤ ਹੋਰ ਲੋਕ ਵੱਡੀ ਗਿਣਤੀ ’ਚ ਹਾਜ਼ਰ ਸਨ।