ਰੱਖੜੀ ਦੇ ਦਿਨ ਨੌਜਵਾਨ ਨੇ ਲਿਆ ਫਾਹਾ ਰੱਖੜੀ ਦੇ ਦਿਨ ਨੌਜਵਾਨ ਨੇ ਲਿਆ ਫਾਹਾ
Publish Date: Fri, 28 Aug 2026 07:10 PM (IST)
Updated Date: Fri, 28 Aug 2026 07:13 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਜਦੋਂ ਅੱਜ ਪੂਰਾ ਸ਼ਹਿਰ ਭੈਣ-ਭਰਾ ਦੇ ਪਿਆਰ ਤੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਮਨਾ ਰਿਹਾ ਹੈ, ਉੱਥੇ ਹੀ ਫਗਵਾੜਾ ਸ਼ਹਿਰ ਦੇ ਨਿਊ ਮਾਡਲ ਟਾਊਨ ਇਲਾਕੇ ਤੋਂ ਸਵੇਰੇ ਹੀ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੇ ਭਰਾ ਰਾਹੁਲ ਸ਼ਰਮਾ ਨੇ ਦੱਸਿਆ ਕਿ ਸਵੇਰੇ ਉਸਦਾ ਭਰਾ ਉੱਪਰ ਵਾਲੇ ਕਮਰੇ ’ਚ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਉਸਦਾ ਭਤੀਜਾ ਵੀ ਉੱਪਰ ਗਿਆ ਤਾਂ ਉਸਨੇ ਆਪਣੇ ਪਿਤਾ ਨੂੰ ਇਸ ਹਾਲਤ ਵਿੱਚ ਦੇਖਿਆ। ਇਸਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਮੁਹੱਲੇ ਦੇ ਮੋਹਤਬਰ ਵਿਅਕਤੀ ਤੁਰੰਤ ਮੌਕੇ ’ਤੇ ਪਹੁੰਚੇ। ਰਾਹੁਲ ਸ਼ਰਮਾ ਮੁਤਾਬਕ ਮ੍ਰਿਤਕ ਦਾ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਇਸ ਘਟਨਾ ਦੇ ਅਸਲ ਕਾਰਨਾਂ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਫਗਵਾੜਾ ਦੀ ਐੱਸਐੱਚਓ ਅਮਨਪ੍ਰੀਤ ਕੌਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਐੱਸਐੱਚਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਘਰ ਵਿੱਚ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਖੁਦ ਮੌਕੇ ’ਤੇ ਪਹੁੰਚੇ। ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਵਿਸ਼ਾਲ ਸ਼ਰਮਾ ਪੁੱਤਰ ਤਿਲਕ ਰਾਜ, ਵਾਸੀ ਨਿਊ ਮਾਡਲ ਟਾਊਨ ਫਗਵਾੜਾ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਦੌਰਾਨ ਪਰਿਵਾਰਕ ਵਿਵਾਦ ਦੀ ਗੱਲ ਸਾਹਮਣੇ ਆਈ ਹੈ, ਪਰ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।