ਵਰ੍ਹਿਆਂ ਦੀ ਉਡੀਕ ਮੁੱਕੀ; ਘੰਟਾਘਰ ਦੀਆਂ ਸੂਈਆਂ ਕੀਤੀ ਟਿਕ-ਟਿਕ ਵਰ੍ਹਿਆਂ ਦੀ ਉਡੀਕ ਮੁਕੀ ; ਸੁਲਤਾਨਪੁਰ ਲੋਧੀ ਦੇ ਘੰਟਾਘਰ ਦੀਆਂ ਸੂਈਆਂ ਨੇ ਕੀਤੀ ਟਿਕ-ਟਿਕ
Publish Date: Tue, 29 Sep 2026 09:57 PM (IST)
Updated Date: Tue, 29 Sep 2026 09:57 PM (IST)
ਸੰਤ ਸੀਚੇਵਾਲ ਦੇ ਯਤਨਾਂ ਸਦਕਾ ਗੂੰਜੀ ਘੰਟਾਘਰ ਦੀ ਟਨਕਾਰ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੀ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਪਿਛਲੇ ਲਗਭਗ ਛੇ ਸਾਲਾਂ ਤੋਂ ਘੜੀ ਦੀ ਉਡੀਕ ਕਰ ਰਹੇ ਘੰਟਾ ਘਰ ਨੂੰ ਆਖ਼ਿਰਕਾਰ ਘੜੀ ਮਿਲ ਗਈ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਲੰਬੇ ਸਮੇਂ ਤੋਂ ਅਧੂਰਾ ਪਿਆ ਇਹ ਕੰਮ ਉਦੋਂ ਮੁਕੰਮਲ ਹੋ ਗਿਆ ਜਦੋਂ ਘੰਟਾਘਰ ਦੀਆਂ ਸੂਈਆਂ ਦੀ ਅਵਾਜ਼ ਗੂੰਜਣ ਲੱਗੀ। ਵਿਰਾਸਤੀ ਸ਼ਹਿਰ ਦੀ ਪਛਾਣ ਵਿੱਚ ਘੰਟਾਘਰ ਵੀ ਸ਼ਾਮਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸਾਲ 2019 ਵਿੱਚ ਸੁਲਤਾਨਪੁਰ ਲੋਧੀ ਵਿਖੇ ਘੰਟਾ ਘਰ ਦੀ ਉਸਾਰੀ ਲਈ ਫੰਡ ਪ੍ਰਾਪਤ ਹੋਏ ਸਨ। ਘੰਟਾ ਘਰ ਦੀ ਇਮਾਰਤ ਤਾਂ ਬਣ ਕੇ ਤਿਆਰ ਹੋ ਗਈ ਸੀ ਪਰ ਇਸ ਵਿੱਚ ਘੜੀ ਨਾ ਲੱਗਣ ਕਾਰਨ ਇਹ ਇਮਾਰਤ ਵੀ ਖੰਡਰ ਬਣਨ ਲੱਗ ਪਈ ਸੀ। ਘੜੀ ਦੀਆਂ ਸੂਈਆਂ ਤੋਂ ਬਿਨ੍ਹਾਂ ਇਹ ਇਮਾਰਤ ਬਿਨ੍ਹਾਂ ਰੂਹ ਤੋਂ ਸੱਖਣੇ ਇੱਕ ਕਲਭੂਤ ਵਾਂਗਰਾ ਲੱਗਦੀ ਸੀ। ਜਾਣਕਾਰੀ ਅਨੁਸਾਰ ਘੜੀ ਲਗਾਉਣ ਲਈ ਬਿਜਲੀ ਦੇ ਮੀਟਰ ਸਮੇਤ ਕੁਝ ਤਕਨੀਕੀ ਤੇ ਪ੍ਰਸ਼ਾਸਨਿਕ ਕਾਰਵਾਈਆਂ ਦੇਰੀ ਕਾਰਨ ਇਹ ਮਾਮਲਾ ਲੰਬੇ ਸਮੇਂ ਤੱਕ ਲਟਕਿਆ ਹੋਇਆ ਸੀ। ਇਸ ਸਬੰਧੀ ਜਦੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਬਿਨ੍ਹਾਂ ਦੇਰ ਕੀਤਿਆਂ ਸਬੰਧਤ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਤੇ ਲੋੜੀਂਦੀ ਕਾਰਵਾਈ ਨੂੰ ਤੇਜ਼ ਕਰਨ ਦੀਆਂ ਹਦਾਇਤਾਂ ਕੀਤੀਆਂ। ਸੰਤ ਸੀਚੇਵਾਲ ਵੱਲੋਂ ਕੀਤੇ ਯਤਨਾਂ ਸਦਕਾ ਹੁਣ ਘੰਟਾ ਘਰ ਵਿੱਚ ਘੜੀ ਸਥਾਪਿਤ ਕਰ ਦਿੱਤੀ ਗਈ ਹੈ। ਘੜੀ ਲੱਗਣ ਨਾਲ ਜਿੱਥੇ ਘੰਟਾ ਘਰ ਦੀ ਦਿੱਖ ਹੋਰ ਸੁੰਦਰ ਹੋ ਗਈ ਹੈ, ਉੱਥੇ ਹਰ ਘੰਟੇ ਬਾਅਦ ਗੂੰਜਣ ਵਾਲੀ ਘੰਟੇ ਦੀ ਆਵਾਜ਼ ਇਸ ਦੀ ਸ਼ਾਨ ਵਿੱਚ ਹੋਰ ਵਾਧਾ ਕਰ ਰਹੀ ਹੈ। ਸ਼ਹਿਰ ਵਾਸੀਆਂ ਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਵਿੱਚ ਵੀ ਇਸ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।