ਸੀਚੇਵਾਲ ਅਕੈਡਮੀ ਦੇ ਪਹਿਲਵਾਨਾਂ ਨੇ ਮਾਰੀਆਂ ਮੱਲਾਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੀਚੇਵਾਲ ਅਕੈਡਮੀ ਦੇ ਪਹਿਲਵਾਨਾਂ ਨੇ ਮਾਰੀਆਂ ਮੱਲਾਂ
Publish Date: Thu, 01 Oct 2026 07:37 PM (IST)
Updated Date: Thu, 01 Oct 2026 07:39 PM (IST)
ਅੱਠ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ’ਤੇ ਹਾਸਲ ਕੀਤੇ ਤਮਗੇ ਸਟੇਟ ਪੱਧਰੀ ਮੁਕਾਬਲਿਆਂ ਲਈ ਬਣਾਈ ਜਗ੍ਹਾ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੰਸ ਰਾਜ ਕੁਸ਼ਤੀ ਸਟੇਡੀਅਮ, ਜਲੰਧਰ ਵਿਖੇ ਅੰਡਰ-14 ਤੇ ਅੰਡਰ-17 ਵਰਗ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸੀਚੇਵਾਲ ਅਕੈਡਮੀ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ ਸਥਾਨ ਹਾਸਲ ਕੀਤੇ ਤੇ ਸਟੇਟ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕੀਤੀ। ਮੁਕਾਬਲਿਆਂ ਵਿੱਚ ਸੀਚੇਵਾਲ ਅਕੈਡਮੀ ਦੇ ਸੁਖਮਨਜੀਤ ਸਿੰਘ ਨੇ 38 ਕਿਲੋ ਭਾਰ ਵਰਗ ਵਿੱਚ ਪਹਿਲਾ ਤੇ ਮਨਰਾਜ ਸਿੰਘ ਨੇ 52 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜਗਰੂਪ ਸਿੰਘ ਜਵੰਦਾ ਨੇ 41 ਕਿਲੋ, ਕਮਲਪ੍ਰੀਤ ਸਿੰਘ ਨੇ 45 ਕਿਲੋ, ਲਕਸ਼ਦੀਪ ਨੇ 48 ਕਿਲੋ ਅਤੇ ਆਦਰਸ਼ ਕੁਮਾਰ ਨੇ 92 ਕਿਲੋ ਭਾਰ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਵੀਰਪ੍ਰਤਾਪ ਸਿੰਘ ਨੇ 35 ਕਿਲੋ ਤੇ ਸਿਮਰਪ੍ਰੀਤ ਸਿੰਘ ਨੇ 48 ਕਿਲੋ ਭਾਰ ਵਰਗ ਵਿੱਚ ਤੀਜਾ ਸਥਾਨ ਹਾਸਲ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਇਹ ਸਾਰੇ ਖਿਡਾਰੀ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਨ। ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਵਿਸ਼ੇਸ਼ ਕੋਚਿੰਗ, ਉਚਿਤ ਸਿਖਲਾਈ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਵਾਲੇ ਖੇਡ ਮੈਦਾਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਸਾਰੇ ਖਿਡਾਰੀਆਂ, ਕੋਚਾਂ ਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।