ਕਮਲਾ ਨਹਿਰੂ ਕਾਲਜ ’ਚ ਵਿਸ਼ਵ ਓਜ਼ੋਨ ਦਿਵਸ ਮਨਾਇਆ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਫਗਵਾੜਾ ਦੇ ਵਿਿਗਆਨ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਵਿਸ਼ਵ ਓਜ਼ੋਨ ਦਿਵਸ ਦਾ ਆਯੋਜਨ
Publish Date: Sun, 20 Sep 2026 07:57 PM (IST)
Updated Date: Sun, 20 Sep 2026 07:59 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਦੇ ਡਾਇਰੈਕਟਰ ਅਕਾਦਮਿਕ ਡਾ. ਸਵਿੰਦਰ ਪਾਲ ਤੇ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਦੀ ਸੁਯੋਗ ਅਗਵਾਈ ਹੇਠ, ਕਾਲਜ ਦੇ ਵਿਗਿਆਨ ਵਿਭਾਗ ਤੇ ਰੈੱਡ ਰਿਬਨ ਕਲੱਬ ਵੱਲੋਂ 16 ਸਤੰਬਰ, 2026 ਨੂੰ ਗਲੋਬਲ ਐਕਸ਼ਨ ਫਾਰ ਏ ਕੂਲਰ ਪਲੈਨੇਟ ਥੀਮ ਤਹਿਤ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਓਜ਼ੋਨ ਪਰਤ ਦੀ ਮਹੱਤਤਾ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਤੇ ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ ਲਈ ਸਮੂਹਿਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਪ੍ਰੇਰਿਤ ਕਰਨਾ ਸੀ। ਇਸ ਸਮਾਗਮ ਦੇ ਤਿੰਨ ਮੁੱਖ ਤੇ ਦਿਲਚਸਪ ਭਾਗ ਸਨ, ਓਜ਼ੋਨ ਥੀਏਟਰ-ਸਾਡੇ ਗ੍ਰਹਿ ਲਈ ਇੱਕ ਸੁਨੇਹਾ, ਓਜ਼ੋਨ ਇਨ ਫੋਕਸ, ਤੇ ਓਜ਼ੋਨ ਲਈ ਵਾਕ। ਡਾ. ਵਿਭੂ ਵੈਦ ਨੇ ਵਿਸ਼ਵ ਓਜ਼ੋਨ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਧਰਤੀ ਉੱਤੇ ਜੀਵਨ ਦੀ ਰੱਖਿਆ ਵਿੱਚ ਓਜ਼ੋਨ ਪਰਤ ਦੀ ਲਾਜ਼ਮੀ ਭੂਮਿਕਾ ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀਆਂ ਵਿਦਿਆਰਥਣਾਂ ਨੈਨਸੀ, ਮਾਨਵੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੁਆਰਾ ਪੇਸ਼ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਕਿੱਟ ਨਾਲ ਹੋਈ। ਵਿਦਿਅਕ ਭਾਗ ਓਜ਼ੋਨ ਇਨ ਫੋਕਸ ਤਹਿਤ ਬੀਐੱਸਸੀ ਮੈਡੀਕਲ ਦੀਆਂ ਵਿਦਿਆਰਥਣਾਂ ਕਸ਼ਿਸ਼, ਭਵਾਨੀ, ਪ੍ਰਾਚੀ, ਵਿਸ਼ਾਖਾ ਤੇ ਸ੍ਰਿਸ਼ਟੀ ਦੁਆਰਾ ਇੱਕ ਇੰਟਰਐਕਟਿਵ ਪਾਵਰਪੁਆਇੰਟ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਲਗਭਗ 120 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਓਜ਼ੋਨ ਪਰਤ ਦੇ ਗਠਨ ਤੇ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਦਾ ਅੰਤਿਮ ਪੜਾਅ ਵਾਕ ਫਾਰ ਦ ਓਜ਼ੋਨ ਨਾਲ ਸੰਪੰਨ ਹੋਇਆ। ਇਸ ਮੌਕੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਸਵੈ-ਰਚਿਤ ਪੋਸਟਰ ਫੜ ਕੇ ਪੂਰੇ ਕੈਂਪਸ ਵਿੱਚ ਓਜ਼ੋਨ ਸੁਰੱਖਿਆ ਦਾ ਸੁਨੇਹਾ ਘਰ-ਘਰ ਪਹੁੰਚਾਇਆ। ਡਾਇਰੈਕਟਰ ਅਕਾਦਮਿਕ ਡਾ. ਸਵਿੰਦਰ ਪਾਲ ਤੇ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਨੇ ਇਸ ਜਾਗਰੂਕਤਾ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਵਿਗਿਆਨ ਵਿਭਾਗ ਤੇ ਰੈੱਡ ਰਿਬਨ ਕਲੱਬ ਦੇ ਸ਼ਲਾਘਾਯੋਗ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਕਾਮਿਨੀ ਸਹਿਗਲ ਨੇ ਕਿਹਾ ਕਿ ਓਜ਼ੋਨ ਪਰਤ ਦੀ ਰੱਖਿਆ ਕਰਨਾ ਕੇਵਲ ਵਿਗਿਆਨੀਆਂ ਦਾ ਹੀ ਕੰਮ ਨਹੀਂ ਹੈ, ਸਗੋਂ ਸਾਡੇ ਗ੍ਰਹਿ ਦੇ ਸੁਨਹਿਰੀ ਭਵਿੱਖ ਦੀ ਸੁਰੱਖਿਆ ਲਈ ਇਹ ਹਰੇਕ ਵਿਦਿਆਰਥੀ ਦਾ ਮੁੱਢਲਾ ਨਿੱਜੀ ਫਰਜ਼ ਹੈ। ਡਾ. ਸਵਿੰਦਰ ਪਾਲ ਨੇ ਨੌਜਵਾਨ ਪੀੜ੍ਹੀ ਵਿੱਚ ਵਾਤਾਵਰਣ ਪ੍ਰਤੀ ਚੇਤਨਾ ਦੀ ਮਹੱਤਤਾ ਤੇ ਹੋਰ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਸਾਡੇ ਨੌਜਵਾਨਾਂ ਨੂੰ ਵਾਤਾਵਰਣਿਕ ਜਾਗਰੂਕਤਾ ਨਾਲ ਸਸ਼ਕਤ ਬਣਾਉਣਾ ਇੱਕ ਟਿਕਾਊ ਕੱਲ੍ਹ (ਸਸਟੇਨੇਬਲ ਫਿਊਚਰ) ਲਈ ਸਭ ਤੋਂ ਵੱਡਾ ਨਿਵੇਸ਼ ਹੈ।